India elected non-permanent member: ਨਵੀਂ ਦਿੱਲੀ: ਭਾਰਤ ਏਸ਼ੀਆ ਪ੍ਰਸ਼ਾਂਤ ਸ਼੍ਰੇਣੀ ਵਿੱਚ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ (UNSC) ਦੇ ਅਸਥਾਈ ਮੈਂਬਰ ਵਜੋਂ ਅੱਠਵੀਂ ਵਾਰ ਚੁਣਿਆ ਗਿਆ । ਭਾਰਤ ਨੂੰ 192 ਵੋਟਾਂ ਵਿੱਚੋਂ 184 ਵੋਟਾਂ ਮਿਲੀਆਂ । ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨੇ ਭਾਰਤ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਯੁੱਗ ਵਿੱਚ ਸੁਰੱਖਿਆ ਪਰਿਸ਼ਦ ਲਈ ਸਾਡੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੀ ਗਵਾਹੀ ਦਿੰਦੀ ਹੈ ਅਤੇ ਵਿਸ਼ਵਵਿਆਪੀ ਅਗਵਾਈ ਨੂੰ ਪ੍ਰੇਰਿਤ ਕਰਦੀ ਹੈ।
ਐੱਨਵਾਯੀ ਨੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਸ ਖ਼ਬਰ ਨੂੰ ਸਾਂਝਾ ਕੀਤਾ ਗਿਆ । ਭਾਰਤ ਦੀ ਇਸ ਵੱਡੀ ਸਫਲਤਾ ‘ਤੇ ਟੀਐਸ ਤ੍ਰਿਮੂਰਤੀ ਨੇ ਆਪਣੇ ਇੱਕ ਵੀਡੀਓ ਸੰਦੇਸ਼ ਦੇ ਨਾਲ ਲਿਖਿਆ,’ ‘ਭਾਰੀ ਸਮਰਥਨ ਵਾਲੇ ਮੈਂਬਰ ਦੇਸ਼ਾਂ ਨੇ ਸਾਲ 2021-22 ਲਈ ਸੁੱਰਖਿਆ ਪਰਿਸ਼ਦ ਦੀ ਗੈਰ-ਸਥਾਈ ਸੀਟ ਲਈ ਭਾਰਤ ਨੂੰ ਚੁਣਿਆ ਹੈ । ਭਾਰਤ ਨੂੰ 192 ਵੋਟਾਂ ਵਿੱਚੋਂ 184 ਵੋਟਾਂ ਮਿਲੀਆਂ। ”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਸੱਤ ਵਾਰ 1950–1951, 1967–1968, 1972–1973, 1977–1978, 1984–1985, 1991–1992 ਅਤੇ ਆਖਰੀ ਵਾਰ 2011-2012 ਵਿੱਚ ਸਯੁੰਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਗੈਰ-ਸਥਾਈ ਮੈਂਬਰ ਰਿਹਾ ਹੈ । ਦਰਅਸਲ, ਏਸ਼ੀਆ ਪੈਸੀਫਿਕ ਗਰੁੱਪ ਤੋਂ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ 55 ਦੇਸ਼ਾਂ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਇੰਡੋਨੇਸ਼ੀਆ, ਇਰਾਨ, ਜਪਾਨ, ਕੁਵੈਤ, ਕਿਰਗਿਸਤਾਨ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਪਾਕਿਸਤਾਨ, ਕਤਰ, ਸਾਊਦੀ ਅਰਬ, ਸ੍ਰੀਲੰਕਾ, ਸੀਰੀਆ,ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਵੀਅਤਨਾਮ ਹਨ।
ਦੱਸ ਦੇਈਏ ਕਿ ਹਰ ਸਾਲ 193 ਮੈਂਬਰਾਂ ਵਾਲੀ ਸੰਯੁਕਤ ਰਾਸ਼ਟਰ ਮਹਾਂਸਭਾ ਦੋ ਸਾਲਾਂ ਦੇ ਕਾਰਜਕਾਲ ਲਈ ਪੰਜ ਗੈਰ-ਸਥਾਈ ਮੈਂਬਰਾਂ ਦੀ ਚੋਣ ਕਰਦੀ ਹੈ । ਇਸ ਕੌਂਸਲ ਦੇ ਪੰਜ ਸਥਾਈ ਮੈਂਬਰ ਹਨ, ਜਿਨ੍ਹਾਂ ਵਿੱਚ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਸ਼ਾਮਿਲ ਹਨ।