Awantipora encounter: ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁੱਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ । ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ । ਇਸਦੇ ਨਾਲ ਹੀ ਮੁੱਠਭੇੜ ਬਾਰੇ ਕੋਈ ਅਫਵਾਹ ਨਾ ਫੈਲੇ, ਇਸ ਲਈ ਇਲਾਕੇ ਵਿੱਚ ਇੰਟਰਨੈਟ ਸੇਵਾ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ । ਇਸ ਜਾਣਕਾਰੀ ਦੇ ਅਧਾਰ ‘ਤੇ ਫੌਜ ਦੀ 50 ਆਰਆਰ, ਐਸਓਜੀ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਦੌਰਾਨ ਅੱਤਵਾਦੀਆਂ ਨੇ ਆਪਣੇ ਆਪ ਨੂੰ ਘੇਰਿਆ ਵੇਖ ਕੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ । ਇਸ ਦੇ ਬਾਵਜੂਦ ਅੱਤਵਾਦੀ ਫਾਇਰਿੰਗ ਕਰਦੇ ਰ ਹੇ। ਫਿਰ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਮੋਰਚਾ ਸੰਭਾਲ ਲਿਆ ।
ਇਹ ਮੁੱਠਭੇੜ ਕਈ ਘੰਟੇ ਚੱਲੀ, ਜਿਸ ਤੋਂ ਬਾਅਦ ਇਸ ਮੁਕਾਬਲੇ ਵਿੱਚ ਸੁਰੱਖਿਆ ਬਲ ਇੱਕ ਅੱਤਵਾਦੀ ਨੂੰ ਮਾਰਨ ਵਿੱਚ ਸਫਲ ਹੋ ਗਏ। ਫਿਲਹਾਲ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਰੋਕ ਦਿੱਤੀ ਗਈ ਹੈ । ਪਰ ਸੁਰੱਖਿਆ ਬਲਾਂ ਨੇ ਮੋਰਚੇ ਨੂੰ ਚੌਕਸੀ ਨਾਲ ਸੰਭਾਲ ਰੱਖਿਆ ਹੈ । ਇਸ ਮੁੱਠਭੇੜ ‘ਤੇ ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਲਬਾਗ ਸਿੰਘ ਨੇ ਕਿਹਾ ਕਿ ਅਵੰਤੀਪੋਰਾ ਪੁਲਿਸ ਅਤੇ ਸੈਨਾ ਨੇ ਇਹ ਕਾਰਵਾਈ ਬੀਤੀ ਰਾਤ ਸ਼ੁਰੂ ਕੀਤੀ ਸੀ । ਅੱਤਵਾਦੀ ਲੁਕੇ ਹੋਣ ਦੀ ਜਗ੍ਹਾ ਇੱਕ ਮਸਜਿਦ ਦੇ ਨਾਲ ਲੱਗਦੀ ਹੈ। ਅਜਿਹਾ ਲਗਦਾ ਹੈ ਕਿ ਅੱਤਵਾਦੀ ਗੋਲੀਬਾਰੀ ਦੀ ਆੜ ਵਿੱਚ ਮਸਜਿਦ ਵਿੱਚ ਦਾਖਲ ਹੋਏ ਹਨ । ਫਿਲਹਾਲ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ।