Now a case of Corona has : ਚੰਡੀਗੜ੍ਹ ਸ਼ਹਿਰ ਵਿਚ ਅੱਜ ਸਵੇਰੇ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 43 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਸੈਕਟਰ-43 ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 370 ਹੋ ਗਈ ਹੈ। ਹੁਣ ਤੱਕ ਸ਼ਹਿਰ ਵਿਚ ਕੋਰੋਨਾ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਸਮੇਂ 58 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੈਕਟਰ-25 ਅਤੇ ਰਾਮਦਰਬਾਰ ਵਿਚ ਇਕ-ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਦੀ ਚੇਨ ਵਧਣ ਲੱਗੀ ਹੈ। ਬੁੱਧਵਾਰ ਨੂੰ ਸੈਕਟਰ-25 ਤੋਂ ਤਿੰਨ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਇਕ 54 ਸਾਲਾ ਔਰਤ, 30 ਸਾਲਾ ਔਰਤ ਤੇ 26 ਸਾਲਾ ਮੁਟਿਆਰ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਇਹ ਤਿੰਨੋਂ ਹੀ ਸੈਕਟਰ-25 ਦੇ ਪਹਿਲੇ ਮਰੀਜ਼ ਦੇ ਪਰਿਵਾਰਕ ਮੈਂਬਰ ਹਨ. ਇਸੇ ਤਰ੍ਹਾਂ ਰਾਮਦਰਬਾਰ ਵਿਚ ਵੀ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਥੇ ਦੱਸ ਦੇਈਏ ਕਿ ਮੰਗਲਵਾਰ ਨੂੰ ਡੇਰਾਬੱਸੀ ਦੀ ਫੈਕਟਰੀ ’ਚ ਕੰਮ ਕਰਨ ਵਾਲੇ ਰਾਮਦਰਬਾਰ ਦੇ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਮੋਹਾਲੀ ਵਿਚ ਵੀ ਬੀਤੇ ਦਿਨ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਦੱਪਰ ’ਚ ਰਹਿਣ ਵਾਲੀਆਂ ਦੋ ਔਰਤਾਂ, ਜ਼ੀਰਕਪੁਰ ਦਾ ਇਕ ਵਿਅਕਤੀ ਤੇ ਦੋ ਵਿਅਕਤੀ ਡੇਰਾਬੱਸੀ ਦੇ ਰਹਿਣ ਵਾਲੇ ਹਨ, ਜਦਕਿ ਦੋ ਨਵੇਂ ਮਾਮਲੇ ਬਲਟਾਲਾ ਤੋਂ ਸਾਹਮਣੇ ਆਏ ਤੇ ਦੋ ਵਿਅਕਤੀ ਦਿੱਲੀ ਤੋਂ ਪਰਤੇ ਸਨ।