WHO stops HCQ trials: ਵਿਸ਼ਵ ਸਿਹਤ ਸੰਗਠਨ (WHO) ਨੇ ਹਾਈਡ੍ਰੋਕਸੀਕਲੋਰੋਕਿਨ ਦਵਾਈ ਦ ਟ੍ਰਾਇਲ ਨੂੰ ਰੋਕ ਦਿੱਤਾ ਹੈ। WHO ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਟ੍ਰਾਇਲਾਂ ਦੇ ਬਾਵਜੂਦ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਕਾਰਗਰ ਸਿੱਧ ਨਹੀਂ ਹੋ ਰਹੀ ਹੈ। ਇਸ ਲਈ ਹੁਣ ਇਸ ਦਵਾਈ ਦੇ ਟ੍ਰਾਇਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਹਾਈਡ੍ਰੋਕਸੀਕਲੋਰੋਕਿਨ ਦਵਾਈ ਦੀ ਸਭ ਤੋਂ ਜ਼ਿਆਦਾ ਵਕਾਲਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਗਈ ਸੀ। WHO ਦੀ ਮਾਹਰ ਏਨਾ ਮਾਰੀਆ ਹੇਨਾਓ ਰੈਸਟਰੇਪੋ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੰਨੀ ਵਕਾਲਤ ਕਰਨ ਤੋਂ ਬਾਅਦ ਹੀ ਹਾਈਡਰੋਕਸੀਕਲੋਰੋਕਿਨ ਕਈ ਟ੍ਰਾਇਲਾਂ ਅਤੇ ਅਧਿਐਨਾਂ ਵਿੱਚ ਕੋਰੋਨਾ ਇਲਾਜ ਲਈ ਸਹੀ ਸਾਬਤ ਨਹੀਂ ਹੋਈ।
ਏਨਾ ਮਾਰੀਆ ਨੇ ਕਿਹਾ ਕਿ ਹੁਣ ਵਿਸ਼ਵ ਸਿਹਤ ਸੰਗਠਨ ਨੇ ਫੈਸਲਾ ਲਿਆ ਹੈ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ‘ਤੇ ਹਾਈਡ੍ਰੋਕਸੀਕਲੋਰੋਕਿਨ ਦਵਾਈ ਦਾ ਟ੍ਰਾਈਲ ਨਹੀਂ ਕੀਤਾ ਜਾਵੇਗਾ । ਨਾ ਹੀ ਕਈ ਦੇਸ਼ਾਂ ਦੇ ਸਮੂਹ ਇਸ ਦਵਾਈ ਦੇ ਟ੍ਰਾਇਲ ਜਾਰੀ ਰੱਖਣਗੇ। ਏਨਾ ਨੇ ਕਿਹਾ ਕਿ ਉਹ ਸਾਰੇ ਅਧਿਐਨ ਜੋ ਅਸੀਂ ਕੀਤੇ ਹਨ ਇਹ ਦਰਸਾਉਂਦੇ ਹਨ ਕਿ ਹਾਈਡਰੋਕਸੀਕਲੋਰੋਕਿਨ ਕਾਰਨ ਹਸਪਤਾਲ ਵਿੱਚ ਭਰਤੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਦਰ ਵਿੱਚ ਕੋਈ ਕਮੀ ਨਹੀਂ ਆਈ ਹੈ। ਕੁਝ ਥਾਵਾਂ ‘ਤੇ ਇਸ ਦੇ ਨੁਕਸਾਨ ਵੀ ਵੇਖੇ ਗਏ ਹਨ। ਏਨਾ ਮਾਰੀਆ ਨੇ ਕਿਹਾ ਕਿ ਇਸ ਟ੍ਰਾਇਲ ਨਾਲ ਸਿਰਫ ਉਹਨਾਂ ਕੋਰੋਨਾ ਮਰੀਜ਼ਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਦਵਾਈਆਂ ਪਹਿਲਾਂ ਹੀ ਹਾਈਡਰੋਕਸੀਕਲੋਰੋਕਿਨ ਦੇ ਰੂਪ ਵਿੱਚ ਹਨ। ਉਹ ਆਪਣਾ ਕੋਰਸ ਪੂਰਾ ਕਰਕੇ ਇਸ ਨੂੰ ਖਾਣਾ ਬੰਦ ਕਰ ਦੇਣ।
ਦਰਅਸਲ, ਬ੍ਰਿਟੇਨ ਵਿੱਚ ਚੱਲ ਰਹੇ ਰਿਕਵਰੀ ਨਾਮਕ ਟ੍ਰਾਇਲ ਵਿੱਚ ਪਾਇਆ ਗਿਆ ਕਿ ਐਂਟੀ-ਮਲੇਰੀਅਲ ਡਰੱਗ ਹਾਈਡਰੋਕਸੀਕਲੋਰੋਕਿਨ ਦਾ ਕੋਰੋਨਾ ਸਕਾਰਾਤਮਕ ਲੋਕਾਂ ਦੇ ਇਲਾਜ ਵਿੱਚ ਕੋਈ ਭੂਮਿਕਾ ਨਹੀਂ ਹੈ। ਮਰੀਜ਼ਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਦੋ ਦਿਨ ਪਹਿਲਾਂ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਹਾਈਡ੍ਰੋਕਸੀਕਲੋਰੋਕਿਨ ਦੀ ਵਰਤੋਂ ਅਤੇ ਟ੍ਰਾਇਲ ਨੂੰ ਰੋਕਣ ਲਈ ਮੁਹਰ ਵੀ ਲਗਾਈ ਸੀ ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਈਡਰੋਕਸੀਕਲੋਰੋਕੋਇਨ ਦੀ ਵਕਾਲਤ ਕਰਦੇ ਰਹੇ। ਉਹ ਇਲਜ਼ਾਮ ਲਾਉਂਦੇ ਰਹੇ ਕਿ WHO ਚੀਨ ਦਾ ਸਮਰਥਨ ਕਰ ਰਿਹਾ ਹੈ। ਉਸਨੇ ਦੁਨੀਆ ਨੂੰ ਕੋਰੋਨਾ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਹੈ, ਜਦੋਂ ਕਿ WHO ਇਹ ਕਹਿੰਦਾ ਰਿਹਾ ਕਿ ਉਹ ਚੀਨ ਦਾ ਕੋਈ ਰਾਜ਼ ਨਹੀਂ ਛੁਪਾ ਰਿਹਾ ਹੈ। ਉਨ੍ਹਾਂ ਨੇ ਸਮੇਂ-ਸਮੇਂ ‘ਤੇ ਕੋਰੋਨਾ ਨਾਲ ਜੁੜੀ ਸਾਰੀ ਜਾਣਕਾਰੀ ਦੁਨੀਆ ਦੇ ਸਾਹਮਣੇ ਰੱਖੀ ਹੈ ।