Punjab Govt announces Rs 50 : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਵਿਚ ਗਲਵਾਨ ਘਾਟੀ ਵਿਖੇ ਭਾਰਤ-ਚੀਨੀ ਝੜਪ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਨੂੰ 10 ਲੱਖ ਦੀ ਬਜਾਏ 50 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵਿਚ ਸੋਧ ਕਰਨ ਦੇ ਐਲਾਨ ਕਰਦੇ ਹੋਏ ਫੇਸਬੁੱਕ ਪੇਜ ’ਤੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਹੁਣ ਤੱਕ ਸਰਕਾਰ ਸ਼ਹੀਦਾਂ ਦੇ ਪਰਿਵਾਰ ਵਿਚੋਂ ਇਕ ਨੂੰ ਸਰਕਾਰੀ ਨੌਕਰੀ ਤੇ 10 ਤੋਂ 12 ਲੱਖ ਰੁਪਏ ਦੀ ਮਾਲੀ ਮਦਦ ਦਿੰਦੀ ਸੀ। ਇਹ ਫੈਸਲਾ 1999 ਵਿਚ ਲਿਆ ਗਿਆ ਸੀ। ਹੁਣ ਇਸ ਵਿਚ ਤਬਦੀਲੀ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਇਸ ਲਈ 10 ਲੱਖ ਰੁਪਏ ਦੀ ਮਦਦ ਕਾਫੀ ਘੱਟ ਹੈ, ਅਜਿਹੇ ’ਚ ਪੰਜਾਬ ਸਰਕਾਰ ਨੇ ਇਸ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸਰਹੱਦ ’ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਨੂੰ 50 ਲੱਖ ਰੁਪਏ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਸਣੇ ਹੋਰ ਸਹੂਲਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ।
ਦੱਸਣਯੋਗ ਹੈ ਕਿ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚਾਲੇ ਭਾਰਤ ਦੇ ਸ਼ਹੀਦ ਹੋਏ 20 ਫੌਜੀਆਂ ਵਿਚੋਂ ਚਾਰ ਪੰਜਾਬ ਦੇ ਜਵਾਨ ਸਨ, ਜਿਨ੍ਹਾਂ ਵਿਚੋਂ ਸੰਗਰੂਰ ਜ਼ਿਲੇ ਦੇ ਪਿੰਡ ਤੋਲੇਵਾਲ ਤੋਂ ਗੁਰਬਿੰਦਰ ਸਿੰਘ, ਗੁਰਦਾਸਪੁਰ ਦੇ ਪਿੰਡ ਭੋਜਰਾਜ ਤੋਂ ਸੂਬੇਦਾਰ ਸਤਨਾਮ ਸਿੰਘ, ਪਟਿਆਲਾ ਦੇ ਪਿੰਡ ਸੀਲ ਤੋਂ ਮਨਦੀਪ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਸ਼ਾਮਲ ਹਨ।