IAF chief RKS Bhadauria: ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ 20 ਜਵਾਨਾਂ ਨੂੰ ਯਾਦ ਕਰਦੇ ਹੋਏ ਏਅਰਫੋਰਸ ਦੇ ਚੀਫ ਆਰਕੇਐਸ ਭਦੌਰੀਆ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ । ਏਅਰ ਚੀਫ਼ ਮਾਰਸ਼ਲ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼ਹੀਦ ਫੌਜੀਆਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ।
ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਕਿਹਾ, ‘ਅਸੀਂ LAC ‘ਤੇ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨਾ ਚਾਹੁੰਦੇ ਹਾਂ, ਪਰ ਅਸੀਂ ਚੀਨ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਫੌਜ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਗਲਵਾਨ ਘਾਟੀ ਦੇ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਵਿਅਰਥ ਨਹੀਂ ਜਾਣ ਦਿਆਂਗੇ ।
ਗੌਰਤਲਬ ਹੈ ਕਿ ਚੀਨ ਵੱਲੋਂ ਜਾਰੀ ਤਣਾਅ ਦੇ ਵਿਚਕਾਰ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ। ਹਵਾਈ ਸੈਨਾ ਨੇ ਲੇਹ-ਲੱਦਾਖ ਵਿੱਚ ਵੀ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਹਵਾਈ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦਾ ਲੇਹ ਅਤੇ ਸ੍ਰੀਨਗਰ ਦਾ ਦੌਰਾ ਕੀਤਾ । ਇਸ ਦੌਰਾਨ ਹਵਾਈ ਸੈਨਾ ਦੇ ਮੁਖੀ ਨੇ ਤਿਆਰੀਆਂ ਸਬੰਧੀ ਪੂਰੀ ਜਾਣਕਾਰੀ ਲਈ । ਦੱਸ ਦੇਈਏ ਕਿ ਚੀਨ ਤੋਂ ਆਏ ਤਣਾਅ ਦੇ ਵਿਚਕਾਰ ਹਵਾਈ ਫੌਜ ਪੂਰੀ ਤਰ੍ਹਾਂ ਚੌਕਸ ਹੈ ।
ਭਾਰਤੀ ਹਵਾਈ ਸੈਨਾ ਨੇ ਕਿਸੇ ਵੀ ਸਥਿਤੀ ਵਿੱਚ ਚੀਨ ਨਾਲ ਨਜਿੱਠਣ ਲਈ ਅਸਲ ਕੰਟਰੋਲ ਰੇਖਾ ਨੇੜੇ ਫਾਰਵਰਡ ਬੇਸ ਅਤੇ ਏਅਰਫੀਲਡ ਵਿਖੇ ਲੜਾਕੂ ਜਹਾਜ਼ਾਂ ਅਤੇ ਹੋਰ ਉਪਕਰਣਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ । ਹਵਾਈ ਸੈਨਾ ਦੇ ਚੀਫ ਆਰਕੇਐਸ ਭਦੌਰੀਆ ਨੇ ਲੇਹ ਅਤੇ ਸ੍ਰੀਨਗਰ ਦੇ ਏਅਰਬੇਸਾਂ ਦਾ ਵੀ ਦੌਰਾ ਕੀਤਾ । ਇਹ ਦੌਰਾ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਵੱਲੋਂ ਭਾਰਤੀ ਫੌਜਾਂ ‘ਤੇ ਹਮਲਾ ਕਰਨ ਤੋਂ ਬਾਅਦ ਕੀਤਾ ਗਿਆ ਸੀ ।