Employment is being provided : ਚੰਡੀਗੜ੍ਹ : ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੇ ਅਰਥਚਾਰੇ ਸਣੇ ਦੁਨੀਆ ’ਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੰਜਾਬ ਸੂਬੇ ਨੂੰ ਇਸ ਅਸਰ ਤੋਂ ਮੁਕਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਰਾਜ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਪੇਂਡੂ ਕਿਰਤੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਮਗਨਰੇਗਾ ਸਕੀਮ ਅਧੀਨ ਲਗਾਤਾਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਪਿੰਡਾਂ ਦੇ ਵਾਤਾਵਰਨ ਨੂੰ ਸਾਫ- ਸੁਥਰਾ ਬਣਾਉਂਦੇ ਹੋਏ ਪਿੰਡਾਂ ਦੇ ਬਹੁਪੱਖੀ ਵਿਕਾਸ ਦੇ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਦੇ ਚੱਲਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਅਧੀਨ ਵੱਖ ਵੱਖ ਵਿਕਾਸ ਦੇ ਪ੍ਰਾਜੈਕਟ ਸ਼ੁਰੂ ਕਰਵਾ ਕੇ ਪੇਂਡੂ ਕਿਰਤੀਆਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਲੜੀ ਤਹਿਤ ਜਿੱਥੇ ਮਗਨਰੇਗਾ ਸਕੀਮ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾ ਰਹੇ ਹਨ, ਉੱਥੇ ਹੀ ਪਿੰਡਾਂ ਵਿੱਚ ਬਾਰਿਸ਼ ਦੇ ਪਾਣੀ ਦੇ ਪ੍ਰਬੰਧਨ ਲਈ ਅਤੇ ਪਿੰਡਾਂ ਨੂੰ ਸਵੱਛ ਬਣਾਉਣ ਲਈ ਛੱਪੜਾਂ ਦੀ ਸਾਫ- ਸਫਾਈ ਦੇ ਕੰਮ ਕਰ ਰਹੇ ਕਾਮਿਆਂ ਨੂੰ ਕੋਵਿਡ -19 ਦੀ ਲਾਗ ਤੋਂ ਬਚਾਉਣ ਲਈ ਪੇਂਡੂ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਰਾਹੀਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਂਦੀ ਹੈ ਅਤੇ ਵਿਭਾਗ ਵੱਲੋਂ ਸਮੇਂ-ਸਮੇਂ ਹਦਾਇਤਾਂ ਜਾਰੀ ਕਰਦੇ ਹੋਏ ਇਹ ਸਮੂਹ ਜ਼ਿਲ੍ਹਿਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਪੇਂਡੂ ਵਿਕਾਸ ਦਾ ਕੋਈ ਵੀ ਕੰਮ ਕਰਵਾਉਂਦੇ ਹੋਏ ਸਮਾਜਿਕ ਦੂਰੀ, ਹੱਥਾਂ ਦੀ ਸਾਫ ਸਫਾਈ ਅਤੇ ਮੂੰਹ ਢੱਕਣਾ ਯਕੀਨੀ ਬਣਾਇਆ ਜਾਵੇ ।
ਇਨ੍ਹਾਂ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਪੇਂਡੂ ਵਿਕਾਸ ਵਿਭਾਗ ਦੇ ਵਿੱਤੀ ਕਮਿਸ਼ਨਰ ਸੀਮਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਜੰਡਿਆਲਾ ਵਿੱਚ ਪੈਂਦੇ ਪਿੰਡ ਰੱਖਦੇਵੀਦਾਸਪੁਰਾ ਅਤੇ ਨਿੱਜਰਪੁਰਾ ਵਿਖੇ ਮਗਨਰੇਗਾ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ । ਪਿੰਡ ਰੱਖਦੇਵੀਦਾਸਪੁਰਾ ਵਿੱਚ ਬਣੇ ਖੇਡ ਪਾਰਕ ਦਾ ਨਿਰੀਖਣ ਕਰਦਿਆਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਿੰਡਾਂ ਵਿੱਚ ਖੇਡ ਪਾਰਕ ਬਣਾਏ ਜਾਣਾ ਮੁੱਖ ਲੋੜ ਹਨ ਤਾਂ ਜੋ ਕਿ ਜਿੱਥੇ ਅਜਿਹੇ ਵਿਕਾਸ ਕਾਰਜਾਂ ਨਾਲ ਪਿੰਡਾਂ ਦੇ ਬੱਚਿਆਂ ਵਿੱਚ ਖੇਡਣ ਪ੍ਰਤੀ ਰੁਚੀ ਵਧੇਗੀ ਉੱਥੇ ਪਿੰਡ ਦੇ ਲੋਕਾਂ ਲਈ ਸੈਰ ਕਰਨ ਲਈ ਵੀ ਉਚਿਤ ਥਾਂ ਵੀ ਮਿਲ ਸਕੇਗੀ । ਗ੍ਰਾਮ ਪੰਚਾਇਤ ਨਿੱਜਰਪੁਰਾ ਵਿਖੇ ਚੱਲ ਰਹੇ ਛੱਪੜ ਦੀ ਡੀ- ਵਾਟਰਿੰਗ ਦੇ ਕੰਮ ਦਾ ਨਿਰੀਖਣ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਇਸ ਛੱਪੜ ਵਿੱਚੋਂ ਪਾਣੀ ਕੱਢੇ ਜਾਣ ਤੋਂ ਉਪਰੰਤ ਤੁਰੰਤ ਮਗਨਰੇਗਾ ਲੇਬਰ ਲਗਾ ਕੇ ਇਸ ਦੀ ਸਾਫ ਸਫਾਈ ਕਰਵਾਈ ਜਾਵੇ ।ਇਸ ਮੌਕੇ ਅਵਤਾਰ ਸਿੰਘ ਭੁੱਲਰ ਦੇ ਨਾਲ ਸਿਤਾਰਾ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜੰਡਿਆਲਾ ਗੁਰੂ, ਜੋਗਾ ਸਿੰਘ ਸਰਪੰਚ ਗ੍ਰਾਮ ਪੰਚਾਇਤ ਰੱਖ ਦੇਵੀਦਾਸਪੁਰ ,ਗੁਰਮਖ ਸਿੰਘ ਵੀ . ਡੀ .ਓ ., ਕਰਨਦੀਪ ਸਿੰਘ ਏਪੀਓ ਅਤੇ ਜਸਵਿੰਦਰ ਸਿੰਘ ਜੀ.ਆਰ.ਐੱਸ ਮੌਕੇ ਤੇ ਹਾਜ਼ਰ ਸਨ ।