musicians seek goverenment help corona : ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਾਜ਼ਾਂ ਦੀ ਬਹੁਤ ਪ੍ਰਮੁੱਖਤਾ ਹੁੰਦੀ ਹੈ ਕਿਉਂਕਿ ਇਹ ਸਾਜ ਹਰ ਖੁਸ਼ੀ ਨੂੰ ਵਧਾ ਦਿੰਦੇ ਹਨ ਤੇ ਇਹਨਾਂ ਨੂੰ ਸੁਣ ਸਭ ਆਪਣੇ ਆਪ ‘ਚ ਮਗਨ ਹੋ ਜਾਂਦੇ ਹਨ। ਇਨ੍ਹਾਂ ਸਾਜਾ ਨੂੰ ਵਜਾਉਣ ਵਿੱਚ ਸਾਜੀਆਂ ਦਾ ਮੁੱਖ ਰੋਲ ਹੁੰਦਾ ਹੈ। ਕਰੋਨਾ ਮਹਾਂਮਾਰੀ ਕਾਰਨ ਜਿੱਥੇ ਵਿਆਹਾਂ ਵਿੱਚ ਜ਼ਿਆਦਾ ਇਕੱਠ ਕਰਨ ‘ਤੇ ਪਾਬੰਦੀ ਲੱਗੀ ਹੈ, ਉੱਥੇ ਹੀ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਨ ‘ਤੇ ਵੀ ਰੋਕ ਲਗਾਈ ਹੋਈ ਹੈ।
ਜਿਸ ਕਾਰਨ ਕਲਾਕਾਰ ਪ੍ਰੋਗਰਾਮਾਂ ਤੋਂ ਵਾਂਝੇ ਹੋ ਗਏ ਹਨ। ਸਭ ਤੋਂ ਵੱਧ ਮਾਰ ਉਨ੍ਹਾਂ ਸਾਜ਼ੀਆਂ ‘ਤੇ ਪਈ ਹੈ, ਜਿਨ੍ਹਾਂ ਨੇ ਕਲਾਕਾਰਾਂ ਦੇ ਨਾਲ ਆਪਣੇ ਸਾਜ਼ ਵਜਾ ਕੇ ਆਪਣੀ ਮਿਹਨਤ ਲੈਣੀ ਹੁੰਦੀ ਹੈ ਪਰ ਅੱਜ ਇਹ ਸਾਜੀ ਆਰਥਿਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬ ਦੇ ਪ੍ਰਸਿੱਧ ਪਿੰਡ ਜਰਗ ਜਿੱਥੇ ਹਰ ਸਾਲ ਜਰਗ ਦਾ ਮੇਲਾ ਲੱਗਦਾ ਹੈ। ਉੱਥੇ ਕੁਝ ਸਾਜੀ ਬੈਠੇ ਰਿਆਜ਼ ਕਰ ਰਹੇ ਸਨ।
ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਦੁੱਖਾਂ ਦੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਅਤੇ ਚੈਨਲ ਦੇ ਮਾਧਿਅਮ ਦੇ ਨਾਲ ਸਰਕਾਰ ਤੋਂ ਯੋਗ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਕੁੱਝ ਰਾਸ਼ੀ ਲੋਨ ਦੇ ਰੂਪ ਵਿੱਚ ਦੇ ਦੇਵੇ ਜੋ ਕਿ ਅਸੀਂ ਬਾਅਦ ਵਿੱਚ ਸਰਕਾਰ ਨੂੰ ਵਾਪਿਸ ਕਰ ਦਵਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਜੋ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਜ਼ਰੂਰਤ ਦੀਆਂ ਵਸਤੂਆਂ ਨਾਲ ਮਦਦ ਕੀਤੀ ਹੈ। ਉਹ ਬਹੁਤ ਸ਼ਲਾਘਾਯੋਗ ਕਦਮ ਹੈ। ਅਸੀਂ ਇਸ ਕੰਮ ਲਈ ਸਰਕਾਰ ਦੀ ਪ੍ਰਸ਼ੰਸਾ ਵੀ ਕਰਦੇ ਹਾਂ।
ਦਸ ਦੇਈਏ ਕਿ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਕਾਰਨ ਕਈ ਲੋਕਾਂ ਨੁੰ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਲੋਕਾਂ ਨੂੰ ਆਰਥਿਕ ਤੰਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲਾਕਡਾਊਨ ਲੱਗਣ ਕਾਰਨ ਲੋਕਾਂ ਨੂੰ ਘਰ ਬੈਠਣਾ ਪੈ ਰਿਹਾ ਹੈ ਅਤੇ ਉਹਨਾਂ ਕੋਲ ਹੋਰ ਕੋਈ ਵੀ ਕਰਨ ਲਈ ਕੰਮ ਨਹੀਂ ਹੈ। ਜਿਸ ਕਾਰਨ ਲੋਕ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ।