Air travel expensive: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ 24 ਮਾਰਚ ਤੋਂ ਲਾਕਡਾਊਨ ਜਾਰੀ ਹੈ। ਲਾਕਡਾਊਨ ਦੌਰਾਨ ਸਾਰੀਆਂ ਏਅਰਲਾਈਨ ਕੰਪਨੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਸਨ। ਘਰੇਲੂ ਏਅਰਲਾਈਨਾਂ ਨੂੰ 25 ਮਈ ਤੋਂ ਤਿੰਨ ਮਹੀਨਿਆਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ ਅਤੇ ਉਸ ਸਮੇਂ ਜਹਾਜ਼ ਵਿੱਚ ਯਾਤਰਾ ਕਰਨ ਲਈ ਕਿਰਾਏ ਦੀ ਸੀਮਾ ਵੀ ਨਿਰਧਾਰਤ ਕੀਤੀ ਗਈ ਸੀ। ਹਾਲਾਂਕਿ, ਇਸ ਦੌਰਾਨ ਏਅਰ ਲਾਈਨ ਕੰਪਨੀਆਂ ਨੂੰ ਇੰਨੇ ਯਾਤਰੀ ਨਹੀਂ ਮਿਲੇ ਜਿੰਨੇ ਉਮੀਦ ਕੀਤੀ ਜਾ ਰਹੀ ਸੀ। ਅਜਿਹੀ ਸਥਿਤੀ ਵਿੱਚ ਤਿੰਨ ਮਹੀਨਿਆਂ ਦੀ ਡੈੱਡਲਾਈਨ 24 ਅਗਸਤ ਨੂੰ ਖਤਮ ਹੋ ਰਹੀ ਹੈ, ਅਜਿਹੇ ਵਿੱਚ ਉਮੀਦ ਕੀਤੀ ਜਾਂਦੀ ਹੈ ਕਿ 24 ਅਗਸਤ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਤੋਂ ਕੁਝ ਦੇਸ਼ਾਂ ਨਾਲ ਟ੍ਰੈਵਲ ਬਬਲ ਬਣਾਉਣ ਨਾਲ ਏਅਰਲਾਈਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਆਖਰਕਾਰ ਟ੍ਰੈਵਲ ਬਬਲ ਕੀ ਹੈ। ਕੋਰੋਨਾ ਮਹਾਂਮਾਰੀ ਵਿਚਾਲੇ ਇੱਕ ਦੇਸ਼ ਦੂਜੇ ਦੇਸ਼ ਨਾਲ ਏਅਰਲਾਈਨਾਂ ਸ਼ੁਰੂ ਕਰਨ ਲਈ ਇੱਕ ਸਮਝੌਤਾ ਕਰਦਾ ਹੈ। ਇਸ ਦੇ ਤਹਿਤ ਦੋਵੇਂ ਦੇਸ਼ਾਂ ਦੇ ਯਾਤਰੀ ਇੱਕ ਦੂਜੇ ਦੇ ਦੇਸ਼ ਦੀ ਯਾਤਰਾ ਕਰ ਸਕਦੇ ਹਨ । ਇੱਕ ਦੇਸ਼ ਇਸ ਕਿਸਮ ਦਾ ਬਬਲ ਕਈ ਹੋਰ ਦੇਸ਼ਾਂ ਦੇ ਨਾਲ ਵੀ ਬਣਾ ਸਕਦਾ ਹੈ।
ਉਦਾਹਰਣ ਵਜੋਂ ਜੇ ਭਾਰਤ ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਨਾਲ ਟ੍ਰੈਵਲ ਬਬਲ ਬਣਾਉਂਦਾ ਹੈ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਯਾਤਰੀ ਭਾਰਤ ਯਾਤਰਾ ਕਰਨ ਆ ਸਕਦੇ ਹਨ ਅਤੇ ਭਾਰਤ ਤੋਂ ਯਾਤਰੀ ਵੀ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਜਾ ਸਕਦੇ ਹਨ। ਪਰ ਜੇ ਭਾਰਤ ਅਮਰੀਕਾ ਦੇ ਨਾਲ ਟ੍ਰੈਵਲ ਬਬਲ ਬਣਾਉਂਦਾ ਹੈ, ਤਾਂ ਉੱਥੋਂ ਦੇ ਯਾਤਰੀ ਭਾਰਤ ਆ ਕੇ ਇੱਥੋਂ ਸ਼੍ਰੀਲੰਕਾ ਜਾਂ ਬੰਗਲਾਦੇਸ਼ ਨਹੀਂ ਜਾ ਸਕਣਗੇ।
ਦੱਸ ਦੇਈਏ ਕਿ ਸਰਕਾਰ ਦੀ ਯੋਜਨਾ ਹੈ ਕਿ ਅਗਲੇ ਮਹੀਨੇ ਕੁਝ ਦੇਸ਼ਾਂ ਵਿੱਚ ਏਅਰਲਾਈਨਾਂ ਸ਼ੁਰੂ ਕੀਤੀਆਂ ਜਾਣ । ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮਹਾਂਮਾਰੀ ਤੋਂ ਪਹਿਲਾਂ ਸਾਡੇ ਕੋਲ ਹਰ ਰੋਜ਼ 3.5 ਲੱਖ ਘਰੇਲੂ ਯਾਤਰੀ ਹੁੰਦੇ ਸਨ । 25 ਮਈ ਨੂੰ ਜਦੋਂ ਅਸੀਂ ਦੁਬਾਰਾ ਘਰੇਲੂ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ, ਸਾਡੇ ਕੋਲ 30 ਹਜ਼ਾਰ ਯਾਤਰੀ ਸ। ਇਸ ਤੋਂ ਬਾਅਦ ਇੱਕ ਹੀ ਦਿਨ ਵਿੱਚ ਵੱਧ ਤੋਂ ਵੱਧ 72 ਹਜ਼ਾਰ ਘਰੇਲੂ ਯਾਤਰੀਆਂ ਨੇ ਹਵਾਈ ਜਹਾਜ਼ ਰਾਹੀਂ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜੁਲਾਈ ਦੇ ਅੱਧ ਤੋਂ ਪਹਿਲਾਂ 1.5-1.6 ਲੱਖ ਘਰੇਲੂ ਯਾਤਰੀਆਂ ਦੀ ਉਮੀਦ ਕਰ ਰਿਹਾ ਹਾਂ, ਜੋ ਕਿ ਪ੍ਰੀ-ਕੋਰੋਨਾ ਪੱਧਰ ਦਾ ਅੱਧਾ ਹੈ। ਅਜਿਹੇ ਵਿਚ ਏਅਰਲਾਈਨ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ।