In Faridkot and Amritsar New Corona : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫਰੀਦਕੋਟ ਜ਼ਿਲੇ ਵਿਚ ਕੋਰੋਨਾ ਦੇ ਦੋ, ਜਦਕਿ ਅੰਮ੍ਰਿਤਸਰ ਜ਼ਿਲੇ ਵਿਚ ਫਿਰ ਕੋਰੋਨਾ ਦੇ ਇਕੱਠੇ 21 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਇਕੱਠੇ 21 ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 773 ਹੋ ਗਈ ਹੈ। ਜਦਕਿ 31 ਲੋਕ ਜ਼ਿਲੇ ਵਿਚ ਇਸ ਮਹਾਮਾਰੀ ਨਾਲ ਮੌਤ ਦੋ ਮੂੰਹ ਵਿਚ ਜਾ ਚੁੱਕੇ ਹਨ।
ਦੱਸ ਦੇਈਏ ਕਿ ਹੁਣ ਤੱਕ 518 ਲੋਕਾਂ ਨੇ ਜ਼ਿਲੇ ਵਿਚ ਇਸ ਬੀਮਾਰੀ ਨੂੰ ਮਾਤ ਦਿੱਤੀ ਹੈ ਪਰ ਅਜੇ ਵੀ ਹਸਪਤਾਲ ਵਿਚ ਵੱਡੀ ਗਿਣਤੀ ਵਿਚ 224 ਐਕਟਿਵ ਮਾਮਲੇ ਹਨ। ਜ਼ਿਕਰਯੋਗ ਹੈ ਕਿ ਅੱਜ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਦੇ ਇਕ ਸ਼ੱਕੀ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਉਧਰ ਫਰੀਦਕੋਟ ਜ਼ਿਲੇ ਵਿਚ ਸਾਹਮਣੇ ਆਏ ਦੋ ਮਾਮਲਿਆਂ ਵਿਚ ਪਿੰਡ ਰਣ ਵਾਲਾ ਦਾ ਇਕ 31 ਸਾਲਾ ਕਿਸਾਨ ਅਤੇ ਇਕ 45 ਸਾਲਾ ਮਜ਼ਦੂਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਮਜ਼ਦੂਰ ਪੰਜਾਬ ਵਿਚ ਝੋਨਾ ਲਗਾਉਣ ਲਈ ਆਇਆ ਹੋਇਆ ਸੀ। ਇਸ ਦੇ ਨਾਲ ਹੀ ਹੁਣ ਫਰੀਦੋਕਟ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 95 ਹੋ ਗਈ ਹੈ, ਜਿਨ੍ਹਾਂ ਵਿਚੋਂ 86 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ ਕੁਲ 9 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3950 ਤੋਂ ਪਾਰ ਹੋ ਗਈ ਹੈ, ਜਦਕਿ ਇਸ ਮਹਾਮਾਰੀ ਨਾਲ 101 ਲੋਕਾਂ ਦੀ ਜਾਨ ਜਾ ਚੁੱਕੀ ਹੈ।