Earthquake of magnitude 5.3: ਮਿਜ਼ੋਰਮ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 4.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਦੀ ਤੀਬਰਤਾ 5.3 ਸੀ। ਇਸ ਭੂਚਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ । ਭੂਚਾਲ ਦਾ ਕੇਂਦਰ ਚਮਫਾਈ ਜ਼ਿਲ੍ਹੇ ਵਿੱਚ ਜ਼ਮੀਨ ਤੋਂ 20 ਕਿਲੋਮੀਟਰ ਹੇਠਾਂ ਸੀ ।
ਇਸ ਤੋਂ ਪਹਿਲਾਂ 21 ਜੂਨ ਨੂੰ ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਸੀ । ਭੂਚਾਲ ਦਾ ਕੇਂਦਰ ਮਿਜੋਰਮ ਦੇ ਆਈਜ਼ੌਲ ਜ਼ਿਲੇ ਵਿੱਚ ਦੱਸਿਆ ਜਾ ਰਿਹਾ ਸੀ । ਆਸਾਮ ਦੇ ਗੁਹਾਟੀ ਸਣੇ ਕਈ ਇਲਾਕਿਆਂ ਵਿੱਚ ਸ਼ਾਮ 4.16 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਲਗਾਤਾਰ ਦੋ ਦਿਨ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਸਨ । 16 ਜੂਨ ਨੂੰ ਤਜਾਕਿਸਤਾਨ ਸਮੇਤ ਆਸ ਪਾਸ ਦੇ ਇਲਾਕਿਆਂ ਵਿੱਚ ਭੂਚਾਲ ਆਇਆ ਸੀ। ਸਵੇਰੇ 7 ਵਜੇ ਆਏ ਇਸ ਭੁਚਾਲ ਦੀ ਤੀਬਰਤਾ 5.8 ਸੀ। ਭੂਚਾਲ ਦਾ ਕੇਂਦਰ ਤਜਾਕਿਸਤਾਨ ਦੇ ਦਸ਼ਾਂਬੇ ਤੋਂ 341 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਦਾ ਅਸਰ ਜੰਮੂ ਕਸ਼ਮੀਰ ਵਿੱਚ ਵੀ ਵੇਖਣ ਨੂੰ ਮਿਲਿਆ ਸੀ ।