SBI issued warning: ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਸਾਈਬਰ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਹੈ । ਇਸ ਸਬੰਧੀ ਬੈਂਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਇਕ ਪੋਸਟ ਜ਼ਰੀਏ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ । ਇਸ ਪੋਸਟ ਵਿੱਚ ਕੁਝ ਵੱਡੇ ਸ਼ਹਿਰਾਂ ਵਿੱਚ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਦੱਸਿਆ ਗਿਆ ਹੈ । SBI ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਹਮਲਾਵਰ ਕੋਵਿਡ-19 ਦੇ ਨਾਮ ‘ਤੇ ਜਾਅਲੀ ਈਮੇਲ ਭੇਜ ਕੇ ਲੋਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰ ਰਹੇ ਹਨ । ਇਸ ਤੋਂ ਪਹਿਲਾਂ ਦਿੱਲੀ ਦੇ ਸਾਈਬਰ ਸੈੱਲ ਨੇ ਵੀ ਲੋਕਾਂ ਨੂੰ ਆਪਣੇ ਬੈਂਕ ਨਾਲ ਜੁੜੀ ਜਾਣਕਾਰੀ ਨੂੰ ਵਟਸਐਪ ‘ਤੇ ਸਾਂਝਾ ਕਰਨ ਤੋਂ ਮਨ੍ਹਾ ਕੀਤਾ ਸੀ। ਇਹ ਹੈਕਰ ਬੈਂਕ ਵੇਰਵੇ ਲੈ ਰਹੇ ਹਨ ਅਤੇ ਤੁਹਾਡੇ ਖਾਤੇ ਨੂੰ ਹੈਕ ਕਰ ਰਹੇ ਹਨ।
ਦਰਅਸਲ, ਇਸ ਸਬੰਧੀ SBI ਵੱਲੋਂ ਐਤਵਾਰ ਨੂੰ ਇੱਕ ਟਵੀਟ ਵੀ ਕੀਤਾ ਗਿਆ। ਜਿਸ ਵਿੱਚ SBI ਨੇ ਲਿਖਿਆ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਇੱਕ ਸਾਈਬਰ ਹਮਲਾ ਹੋਣ ਵਾਲਾ ਹੈ। ncov2019@gov.in ਤੋਂ ਆਉਣ ਵਾਲੇ ਈ-ਮੇਲ ਜਿਸ ਦਾ ਵਿਸ਼ਾ ਮੁਫ਼ਤ ਕੋਵਿਡ-19 ਟੈਸਟ ਦਿੱਤਾ ਗਿਆ ਹੈ ਉਸ ‘ਤੇ ਕਲਿੱਕ ਕਰਨ ਤੋਂ ਪਰਹੇਜ਼ ਕਰੋ। SBI ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਈਬਰ ਅਪਰਾਧੀਆਂ ਨੇ ਕਰੀਬ 20 ਲੱਖ ਭਾਰਤੀਆਂ ਦੇ ਈ-ਮੇਲ ਆਈ.ਡੀ. ਚੋਰੀ ਕਰ ਲਈਆਂ ਹਨ ।
ਹੈਕਰ ਆਪਣੀ ਈ-ਮੇਲ ਆਈ.ਡੀ. ncov2019@gov.in ਜ਼ਰੀਏ ਲੋਕਾਂ ਦਾ ਮੁਫ਼ਤ ਵਿੱਚ ਕੋਰੋਨਾ ਟੈਸਟ ਕਰਨ ਦੇ ਨਾਮ ‘ਤੇ ਉਨ੍ਹਾਂ ਦੀ ਨਿੱਜੀ ਅਤੇ ਬੈਂਕ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ । SBI ਨੇ ਦੇਸ਼ ਦੇ ਬਾਕੀ ਸ਼ਹਿਰਾਂ ਦੇ ਨਾਲ-ਨਾਲ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਅਹਿਮਦਾਬਾਦ ਦੇ ਲੋਕਾਂ ਨੂੰ ਇਸ ਜਾਅਲੀ ਈ-ਮੇਲ ਪ੍ਰਤੀ ਵਿਸ਼ੇਸ਼ ਤੌਰ ‘ਤੇ ਸੁਚੇਤ ਰਹਿਣ ਲਈ ਕਿਹਾ ਹੈ।
ਦੱਸ ਦੇਈਏ ਕਿ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਵੱਲੋਂ ਪਹਿਲਾਂ ਹੀ ਇਸ ਸਬੰਧ ਵਿੱਚ ਹਰ ਸਰਕਾਰੀ ਵਿਭਾਗ ਅਤੇ ਸੰਸਥਾ ਨੂੰ ਚੇਤਾਵਨੀ ਕੀਤੀ ਜਾ ਚੁੱਕੀ ਹੈ। ਇਸ ਵਾਰ ਇਹ ਹੈਕਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੋਵਿਡ-19 ਦੇ ਨਾਮ ‘ਤੇ ਸਾਈਬਰ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।