Amrish Puri birthday : ਹਿੰਦੀ ਸਿਨੇਮਾ ਨੇ ਅੱਜ ਦੇ ਜਮਾਨੇ ‘ਚ ਇੱਕ ਬਹੁਤ ਹੀ ਵੱਡਾ ਸਥਾਨ ਹਾਸਿਲ ਕਰ ਲਿਆ ਹੈ। ਅੱਜ ਦੇ ਜਮਾਨੇ ਵਿੱਚ ਹਿੰਦੀ ਸਿਨੇਮਾ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਬਾਲੀਵੁਡ ਇੰਡਸਟਰੀ ਇਕ ਤੋਂ ਇਕ ਕਲਾਕਾਰਾਂ ਨਾਲ ਭਰੀ ਹੋਈ ਹੈ। ਬਹੁਤ ਸਾਰੇ ਕਲਾਕਾਰ ਆਪਣੀ ਅਦਾਕਾਰੀ ਤੇ ਬੋਲਣ ਦੇ ਅੰਦਾਜ਼ ਤੋਂ ਹੀ ਪਛਾਣੇ ਜਾਂਦੇ ਹਨ।
ਇਸ ਦੇ ਉੱਲਟ ਕੁਝ ਕਲਾਕਾਰ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਸਰਵ-ਵਿਆਪਕ ਗੁਣ ਹੁੰਦੇ ਹਨ, ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਉਹ ਗੁਣਾਂ ਦੀ ਖਾਣ ਹੁੰਦੇ ਹਨ। ਅਜਿਹਾ ਹੀ ਇਕ ਬਾਲੀਵੁੱਡ ਦਾ ਦਮਦਾਰ ਖਲਨਾਇਕ ਸੀ ਅਮਰੀਸ਼ ਪੁਰੀ ਜਿਹਨਾਂ ਦੇ ਸਕ੍ਰੀਨ ‘ਤੇ ਨਜ਼ਰੀ ਆਉਂਦਿਆਂ ਹੀ ਸਿਨੇਮਾ ਹਾਲ ‘ਚ ਬੈਠੇ ਦਰਸ਼ਕਾਂ ਦੀਆਂ ਨਿਗਾਹਾਂ ਇਕੋਂ ਜਗ੍ਹਾ ਰੁਕ ਜਾਂਦੀਆਂ ਸਨ। ਇਸ ਅਦਾਕਾਰ ਨੇ ਆਪਣੀ ਕਲਾ ਦੇ ਦਮ ‘ਤੇ ਬਾਲੀਵੁੱਡ ‘ਚ ਚਾਰ ਦਹਾਕੇ (40 ਸਾਲ) ਤਕ ਰਾਜ ਕੀਤਾ।
ਭਾਵੇਂ ਉਹਨਾਂ ਦੇ ਭਰਾ ਮਦਨ ਪੁਰੀ ਤੇ ਚਮਨ ਲਾਲ ਪੂਰੀ ਬਾਲੀਵੁੱਡ ਦੇ ਸ਼ੁਰੂਆਤੀ ਸਟਾਰ ਕਲਾਕਾਰ ਸਨ ਪਰ ਅਮਰੀਸ਼ ਨੇ ਆਪਣੀ ਵੱਖਰੀ ਪਛਾਣ ਖ਼ੁਦ ਦੀ ਮਿਹਨਤ ਤੇ ਲਗਨ ਨਾਲ ਬਣਾਈ ਸੀ। ਅਦਾਕਾਰ ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਹੋਇਆ। ਉਹਨਾਂ ਦੇ ਪਿਤਾ ਦਾ ਨਾਅ ਬਾਲਾ ਨਿਹਾਲ ਸਿੰਘ ਅਤੇ ਮਾਤਾ ਦਾ ਨਾਅ ਵੈਦ ਕੌਰ ਸੀ। ਅਮਰੀਸ਼ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਬੀਐੱਸ ਕਾਲਜ ਸ਼ਿਮਲਾ ਤੋਂ ਹਾਸਲ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਸ਼ ਵੀ ਆਪਣੇ ਵੱਡੇ ਭਰਾ ਮਦਨ ਪੁਰੀ ਕੋਲ ਹੀਰੋ ਬਣਨ ਦਾ ਸੁਪਨਾ ਪੂਰਾ ਕਰਨ ਲਈ ਮੁੰਬਈ ਜਾ ਪਹੁੰਚਾ।
ਉੱਥੇ ਪਹੁੰਚ ਉਹਨਾਂ ਨੇ ਕਈ ਫਿਲਮਾਂ ਲਈ ਸਕ੍ਰੀਨ ਟੈਸਟ ਦਿੱਤੇ ਪਰ ਹਰ ਵਾਰ ਅਸਫਲਤਾ ਹੀ ਹੱਥ ਲੱਗੀ। ਫਿਰ ਆਪਣੇ ਨਿੱਜੀ ਖ਼ਰਚੇ ਪੂਰੇ ਕਰਨ ਲਈ ਅਮਰੀਸ਼ ਨੇ ‘ਬੀਮਾ ਵਿਭਾਗ’ ‘ਚ ਨੌਕਰੀ ਕੀਤੀ ਪਰ ਇਸ ਨਾਲ ਹੀ ਅਦਾਕਾਰੀ ਵਾਲੇ ਕੀੜੇ ਨੂੰ ਸ਼ਾਂਤ ਕਰਨ ਲਈ ਉਹ ਥੀਏਟਰ ਨਾਲ ਜੁੜ ਗਏ। ਉਹਨਾਂ ਦੇ ਇਸ ਸਫ਼ਰ ਦੀ ਸ਼ੁਰੂਆਤ 1960 ‘ਚ ਸਹਿਦੇਵ ਦੂਬੇ ਅਤੇ ਗਰੀਸ਼ ਕਰਨਾਡ ਦੇ ਨਾਟਕਾਂ ਤੋਂ ਹੋਈ। ਅਮਰੀਸ਼ ਪੁਰੀ ਕਾਫ਼ੀ ਸਾਲ ਥੀਏਟਰ ਨਾਲ ਜੁੜੇ ਰਹੇ ਪਰ ਇਸ ਨਾਲ ਹੀ ਉਹਨਾਂ ਨੇ ਫਿਲਮਾਂ ‘ਚ ਕੰਮ ਕਰਨ ਲਈ ਵੀ ਆਪਣਾ ਸੰਘਰਸ਼ ਜਾਰੀ ਰੱਖਿਆ। ਅਮਰੀਸ਼ ਪੁਰੀ ਨੇ ਕਈ ਹਿੱਟ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਸੀ।