mizoram earthquake narendra modi: ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਾਲ ਹੀ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਸੋਮਵਾਰ ਸਵੇਰੇ ਮਿਜੋਰਮ ਵਿੱਚ 5.3 ਮਾਪ ਦਾ ਭੂਚਾਲ ਆਇਆ, ਜਿਸ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਘਰਾਂ ਵਿੱਚ ਪਾੜ ਪੈ ਗਏ ਹਨ, ਸੜਕਾਂ ਵੀ ਨੁਕਸਾਨੀਆਂ ਗਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮ ਥਾਂਗਾ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਵਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਚੰਗੀ ਗੱਲ ਇਹ ਹੈ ਕਿ ਇਸ ਭੁਚਾਲ ਵਿੱਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪੰਹੁਚਿਆ ਹੈ।
ਜਾਣਕਾਰੀ ਅਨੁਸਾਰ ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 4.10 ਵਜੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 5.3 ਸੀ। ਭੂਚਾਲ ਦਾ ਕੇਂਦਰ ਚਮਫਾਈ ਜ਼ਿਲ੍ਹੇ ਵਿੱਚ 20 ਕਿਲੋਮੀਟਰ ਹੇਠਾਂ ਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਮਿਜ਼ੋਰਮ ਵਿੱਚ ਆਏ ਭੁਚਾਲ ਤੋਂ ਬਾਅਦ, ਉਨ੍ਹਾਂ ਨੇ ਮੁੱਖ ਮੰਤਰੀ ਜੋਰਾਮ ਥਾਂਗਾ ਜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਤੁਹਾਨੂੰ ਦੱਸ ਦੇਈਏ ਕਿ 12 ਘੰਟਿਆਂ ਦੇ ਅੰਦਰ ਮਿਜ਼ੋਰਮ ਵਿੱਚ ਦੋ ਝੱਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮਕਾਨਾਂ ਵਿੱਚ ਤਰੇੜਾਂ ਪੈ ਗਈਆਂ। ਇਸ ਤੋਂ ਇਲਾਵਾ ਕਈ ਦਫਤਰ ਵੀ ਨੁਕਸਾਨੇ ਗਏ ਹਨ ਜਦਕਿ ਚਰਚ ਦੀ ਛੱਤ ਵੀ ਟੁੱਟ ਗਈ ਹੈ। ਇਸ ਸਮੇਂ ਰਾਜ ਸਰਕਾਰ ਸਥਾਨਕ ਪੱਧਰ ‘ਤੇ ਰਾਹਤ ਕਾਰਜ ਚਲਾ ਰਹੀ ਹੈ, ਇਸ ਤੋਂ ਇਲਾਵਾ ਹੋਰ ਏਜੰਸੀਆਂ ਵੀ ਕੰਮ ਕਰ ਰਹੀਆਂ ਹਨ।