U.S. intelligence assessment: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਲਗਾਤਾਰ ਜਾਰੀ ਹੈ ਅਤੇ ਪਿਛਲੇ ਹਫਤੇ ਸਰਹੱਦ ‘ਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ। ਚੀਨ ਇਸ ਬਾਰੇ ਝੂਠ ਬੋਲ ਰਿਹਾ ਹੈ, ਪਰ ਸੱਚ ਸਾਹਮਣੇ ਆ ਰਿਹਾ ਹੈ। ਅਮਰੀਕੀ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦਾ ਭਾਰਤੀ ਫੌਜ ‘ਤੇ ਹਮਲਾ ਇੱਕ ਸੋਚੀ ਸਮਝੀ ਚਾਲ ਸੀ । ਇਸ ਦੇ ਲਈ, ਚੀਨੀ ਫੌਜ ਵਿੱਚ ਜਨਰਲ ਰੈਂਕ ਦੇ ਇੱਕ ਅਧਿਕਾਰੀ ਨੇ ਮੌਕੇ ‘ਤੇ ਮੌਜੂਦ ਫੌਜ ਨੂੰ ਆਦੇਸ਼ ਦਿੱਤਾ ਸੀ, ਜਿਸਦਾ ਨਤੀਜਾ ਇੱਕ ਖੂਨੀ ਝੜਪ ਦੇ ਰੂਪ ਵਿੱਚ ਸਾਹਮਣੇ ਆਇਆ ।
ਅਮਰੀਕੀ ਇੰਟੈਲੀਜੈਂਸ ਅਨੁਸਾਰ ਜਨਰਲ ਝਾਓ ਜ਼ੋਂਗਕੀ ਜੋ ਕਿ ਚੀਨੀ ਫੌਜ ਦੇ ਵੈਸਟ ਥੀਏਟਰ ਕਮਾਂਡ ਦਾ ਮੁਖੀ ਹੈ। ਉਸਨੇ ਹੀ ਭਾਰਤੀ ਸਰਹੱਦ ‘ਤੇ ਇਸ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਝਾਓ ਪਹਿਲਾਂ ਵੀ ਭਾਰਤ ਵਿਰੁੱਧ ਕਾਫ਼ੀ ਕਾਰਵਾਈ ਕਰਦਾ ਰਿਹਾ ਹੈ ਅਤੇ ਉਸਦਾ ਮੰਨਣਾ ਹੈ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੇ ਸਾਹਮਣੇ ਚੀਨ ਨੂੰ ਕਮਜ਼ੋਰ ਨਹੀਂ ਪੈਣਾ ਚਾਹੀਦਾ ਅਤੇ ਭਾਰਤੀ ਫੌਜ ‘ਤੇ ਹਮਲਾ ਉਸ ਦੀ ਇੱਕ ਚਾਲ ਸੀ । ਪਰ ਚੀਨ ਨੇ ਜਿਵੇਂ ਸੋਚਿਆ ਸੀ ਇਹ ਹਮਲਾ ਉਸ ਤਰ੍ਹਾਂ ਦਾ ਨਹੀਂ ਗਿਆ ਅਤੇ ਇਸਦੇ ਉਲਟ ਉਸਦੀ ਫੌਜ ਨੂੰ ਵਧੇਰੇ ਨੁਕਸਾਨ ਹੋਇਆ।
ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਅਜਿਹੀ ਝੜਪ ਦੀ ਯੋਜਨਾ ਪਹਿਲਾਂ ਹੀ ਬਣਾਈ ਸੀ, ਜਿਸ ਵਿੱਚ ਇਸਦੇ ਲਗਭਗ 35 ਜਵਾਨ ਵੀ ਮਾਰੇ ਗਏ ਹਨ । (ਹਾਲਾਂਕਿ, ਇਹ ਚੀਨ ਸਵੀਕਾਰ ਕਰਨ ਲਈ ਤਿਆਰ ਨਹੀਂ) ਚੀਨ ਚਾਹੁੰਦਾ ਹੈ ਕਿ ਭਾਰਤ ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਨਾਲ ਉਲਝਿਆ ਰਹੇ, ਤਾਂ ਜੋ ਅਮਰੀਕਾ ਤੋਂ ਦੂਰੀ ਬਣੇ ਰਹੇ। ਪਰ ਭਾਰਤ ਲਗਾਤਾਰ ਚੀਨ ਵਿਰੁੱਧ ਕਾਰਵਾਈ ਕਰ ਰਿਹਾ ਹੈ, ਚਾਹੇ ਉਹ ਸਰਕਾਰੀ ਪੱਧਰ ‘ਤੇ ਹੋਵੇ ਜਾਂ ਆਮ ਲੋਕਾਂ ਦੇ ਪੱਧਰ ‘ਤੇ।
ਇਸ ਤੋਂ ਇਲਾਵਾ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਗਲਵਾਨ ਘਾਟੀ ਨੇੜੇ ਬਹੁਤ ਸਾਰੇ ਹਥਿਆਰ ਇਕੱਠੇ ਕੀਤੇ ਹਨ ਅਤੇ ਆਪਣਾ ਬੁਨਿਆਦੀ ਢਾਂਚਾ ਉਸਾਰਿਆ ਹੈ। 15 ਜੂਨ ਦੀ ਘਟਨਾ ਬਾਰੇ ਕਿਹਾ ਗਿਆ ਹੈ ਕਿ ਜਦੋਂ ਕੁਝ ਭਾਰਤੀ ਅਧਿਕਾਰੀ ਅਤੇ ਫੌਜੀ ਚੀਨ ਨਾਲ ਗੱਲਬਾਤ ਕਰਨ ਪਹੁੰਚੇ ਸਨ ਤਾਂ ਚੀਨੀ ਫੌਜੀ ਪਹਿਲਾਂ ਤੋਂ ਹੀ ਹਥਿਆਰਾਂ ਨਾਲ ਘਿਰੇ ਬੈਠੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਹਮਲਾ ਕਰ ਦਿੱਤਾ । ਜਦੋਂ ਹੋਰ ਭਾਰਤੀ ਫੌਜੀ ਬਚਾਅ ਲਈ ਪਹੁੰਚੇ ਤਾਂ ਦੋਵਾਂ ਫ਼ੌਜਾਂ ਵਿੱਚ ਖੂਨੀ ਝੜਪ ਹੋ ਗਈ।
ਪਰ ਚੀਨ ਨੇ ਇਸ ਸਾਰੀ ਘਟਨਾ ਦਾ ਦੋਸ਼ ਭਾਰਤੀ ਫੌਜ ‘ਤੇ ਲਗਾਇਆ ਗਿਆ ਅਤੇ ਆਪਣੇ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਦਬਾ ਦਿੱਤਾ ਗਿਆ ਸੀ । ਅਮਰੀਕੀ ਏਜੰਸੀ ਦਾ ਮੰਨਣਾ ਹੈ ਕਿ ਚੀਨ ਨੇ ਜਿਵੇਂ ਸੋਚਿਆ ਸੀ, ਇਹ ਉਸ ਤਰ੍ਹਾਂ ਨਹੀਂ ਹੋਇਆ । ਇੱਥੋਂ ਤੱਕ ਕਿ ਚੀਨੀ ਸਰਕਾਰ ਵੱਲੋਂ ਅਧਿਕਾਰਤ ਮੀਡੀਆ ਵੀ ਇਸ ਬਾਰੇ ਜ਼ਿਆਦਾ ਪ੍ਰਕਾਸ਼ਿਤ ਨਹੀਂ ਕੀਤਾ। ਇਸ ਘਟਨਾ ਬਾਰੇ ਚੀਨੀ ਸੋਸ਼ਲ ਮੀਡੀਆ ‘ਤੇ ਜੋ ਵੀ ਲਿਖਿਆ ਗਿਆ ਸੀ, ਉਸ ‘ਤੇ ਚੀਨ ਨੇ ਸੈਂਸਰ ਕਰ ਦਿੱਤਾ ।