Corona positive patients died: ਲੁਧਿਆਣਾ ‘ਚ ਖਤਰਨਾਕ ਕੋਰੋਨਾ ਦੇ ਵੱਧਦੇ ਕਹਿਰ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆ ਦੌਰਾਨ ਇੱਥੇ ਇੱਕਠੀਆਂ 3 ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਲਗਭਗ 32 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸਿਹਤ ਵਿਭਾਗ ਲਈ ਚੁਣੌਤੀਆਂ ਹੋਰ ਵੱਧ ਗਈਆਂ ਹਨ। ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ 589 ਤੱਕ ਪਹੁੰਚ ਚੁੱਕੀ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 17 ਹੋ ਗਈ ਹੈ।
ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ 3 ਮੌਤਾਂ ਦੀ ਪੁਸ਼ਟੀ ਕਰਦੇ ਦੱਸਿਆ ਹੈ ਕਿ ਇਨ੍ਹਾਂ ਮ੍ਰਿਤਕਾਂ ‘ਚ ਇਕ 70 ਸਾਲਾਂ ਬਜ਼ੁਰਗ ਐੱਸ.ਪੀ.ਐੱਸ ਹਸਪਤਾਲ ‘ਚ ਦਾਖਲ ਸੀ, ਜੋ ਕਿ ਸ਼ਿਵਪੁਰੀ ਦਾ ਰਹਿਣ ਵਾਲਾ ਸੀ। ਦੂਜਾ ਮ੍ਰਿਤਕ 63 ਸਾਲਾਂ ਸਥਾਨਿਕ ਹਸਪਤਾਲ ‘ਚ ਦਾਖਲ ਸੀ, ਜਿਸ ਨੂੰ ਸਾਹ ਲੈਣ ਦੀ ਸਮੱਸਿਆ ਆ ਰਹੀ ਸੀ। ਇਸ ਤੋਂ ਇਲਾਵਾ ਤੀਜਾ ਮ੍ਰਿਤਕ 40 ਸਾਲਾਂ ਮਹਿਲਾ ਜਿਸ ਨੇ ਰਾਜਿੰਦਰਾ ਹਸਪਤਾਲ ‘ਚ ਦਮ ਤੋੜ੍ਹਿਆ। ਇਹ ਮਹਿਲਾ 8 ਜੂਨ ਨੂੰ ਲੁਧਿਆਣਾ ਤੋਂ ਰੈਫਰ ਕਰਕੇ ਪਟਿਆਲਾ ਭੇਜੀ ਗਈ ਸੀ।
ਦੂਜੇ ਪਾਸੇ ਜ਼ਿਲ੍ਹੇ ‘ਚ ਸੋਮਵਾਰ ਨੂੰ ਹੀ ਇਕੱਠੇ 32 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚ ਕੰਟੇਨਮੈਂਟ ਜ਼ੋਨ ਪ੍ਰੇਮ ਨਗਰ ਤੋਂ 16 ਲੋਕ ਪਾਜ਼ੀਟਿਵ ਮਿਲੇ ਹਨ। ਬੀਤੇ ਦਿਨ ਸੋਮਵਾਰ ਨੂੰ 2 ਏ.ਐੱਸ.ਆਈ, 2 ਹੋਮਗਾਰਡ ਅਤੇ ਸਿਵਲ ਹਸਪਤਾਲ ‘ਚ ਤਾਇਨਾਤ 45 ਸਾਲਾ ਲੈਬ ਤਕਨੀਸ਼ੀਅਨ ਵੀ ਪਾਜ਼ੇਟਿਵ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ 934 ਲੋਕਾਂ ਦੇ ਸੈਂਪਲ ਭੇਜੇ ਗਏ ਸੀ ਜਦਕਿ 259 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ।