Ministry of Food Processing sets up : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਐਕਸਕਲੂਜ਼ਿਵ ਇਨਵੈਸਟਮੈਂਟ ਫੋਰਮ ਆਫ ਇਨਵੈਸਟ ਇੰਡੀਆ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ-19 ਮਹਾਮਾਰੀ ਖਿਲਾਫ ਵਧੇਰੇ ਕਾਰਗਰ ਭਾਰਤੀ ਸੁਪਰ ਫੂਡਸ ਦਾ ਪੱਛਮੀ ਮੁਲਕਾਂ ‘ਚ ਮੰਡੀਕਰਣ ਕਰਨ ਦਾ ਸੱਦਾ ਦਿੰਦੇ ਹੋਏ ਦੁਨੀਆ ਭਰ ਦੀਆਂ ਰਿਟੇਲ ਆਊਟਲੈਟਸ ਵਿਚ ਰੇਡੀ ਟੂ ਈਟ ਵੰਨਗੀ ਦਾ ਭਾਰਤੀ ਖਾਣਾ ਵਧਾਉਣ ‘ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਦੀ ਫੂਡ ਮਾਰਕੀਟ ਵਿਚ ਭਾਰਤੀ ਛਾਪ ਵਧਾਉਣ ਦਾ ਇਹ ਸਹੀ ਸਮਾਂ ਹੈ ਕਿਉਂਜੋ ਇਸ ਚੱਲ ਰਹੇ ਕੋਰੋਨਾ ਸੰਕਟ ਦੌਰਾਨ ਪੌਸ਼ਟਿਕ ਖਾਣੇ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੰਤਰਾਲੇ ਨੇ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤ ਵਿਚ ਵਪਾਰ ਕਰਨ ਵਿਚ ਮਦਦ ਵਾਸਤੇ ਇਨਵੈਸਟ ਇੰਡੀਆ ਵਿਖੇ ਇਕ ਨਿਵੇਸ਼ ਸਹੂਲਤ ਸੈਲ ਸਥਾਪਿਤ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਰਾਜ ਤੇ ਕੇਂਦਰ ਸਰਕਾਰਾਂ ਇਕੱਠੀਆਂ ਹੋਣ ਤੇ ਮੌਕਾ ਸੰਭਾਲਣ ਕਿਉਂਕਿ ਜਿਸ ਦੇਸ਼ ਤੋਂ ਕੰਪਨੀਆਂ ਦਰਾਮਦਾਂ ਕਰ ਰਹੀਆਂ ਸਨ, ਉਹਨਾਂ ਤੋਂ ਪਿੱਛੇ ਹਟ ਰਹੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆਂ ਨੂੰ ਅੱਜ ਦਰਪੇਸ਼ ਆ ਰਹੀਆਂ ਨਵੀਂਆਂ ਚੁਣੌਤੀਆਂ ਦੌਰਾਨ ਫੂਡ ਪ੍ਰੋਸੈਸਿੰਗ ਸੈਕਟਰ ਇਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਹ ਯਕੀਨੀ ਬਣਾ ਸਕਦਾ ਹੈ ਕਿ ਲੌਕਡਾਊਨ ਪੂਰੀ ਤਰ੍ਹਾਂ ਸਫਲ ਹੈ। ਇਸ ਦੇ ਨਾਲ ਹੀ ਟਰਾਂਸਪੋਰਟੇਸ਼ਨ ਤੇ ਸਪਲਾਈ ਚੇਨ ਨਾ ਹੋਣ ਕਾਰਨ ਖਾਣੇ ਦੀ ਵੱਡੀ ਬਰਬਾਦੀ ਹੋਣਾ ਵੀ ਇਕ ਵੱਡਾ ਮੁੱਦਾ ਹੈ, ਜਿਨ੍ਹਾਂ ਨਾਲ ਨਵੇਂ ਮੌਕੇ ਵੀ ਪੈਦਾ ਕੀਤੇ ਹਨ, ਜਿਸ ਸਦਕਾ 180 ਵਿਸ਼ਵ ਨਿਵੇਸ਼ਕ, ਛੇ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਇਕੋ ਸਮੇਂ ਇਕ ਥਾਂ ‘ਤੇ ਇਕੱਠੇ ਹੋਏ ਹਨ। ਉਹਨਾਂ ਦੱਸਿਆ ਕਿ ਸਾਰੇ ਖੇਤਰਾਂ ਵਿਚ ਬਹੁਤ ਸਾਰੇ ਮੌਕੇ ਹਨ ਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਫੰਡ ਕੀਤੇ ਪ੍ਰਾਜੈਕਟਾਂ ਨੂੰ ਹਾਲ ਹੀ ਵਿਚ ਨਵੇਂ ਖੇਤਰਾਂ ਤੋਂ ਨਵੇਂ ਆਰਡਰ ਵੀ ਮਿਲੇ ਹਨ। ਇਸ ਦੇ ਨਾਲ ਹੀ ਬੀਬਾ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਸੈਕਟਰ ਦੀ ਮਦਦ ਵਾਸਤੇ ਪ੍ਰਾਜੈਕਟ ਡਵੈਲਪਮੈਂਟ ਸੈਲ ਤੇ ਸਕੱਤਰਾਂ ਦੇ ਉਚ ਤਾਕਤੀ ਗਰੁੱਪ ਵੀ ਸਥਾਪਿਤ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ।
ਇਸ ਦੌਰਾਨ ਫੋਰਮ ਵਿਚ ਨੀਤੀਗਤ ਲਾਭ, ਉਦਯੋਗਿਕ ਜ਼ੋਨ, ਬੁਨਿਆਦੀ ਢਾਂਚੇ ਦੀ ਸਮਰਥਾ ਅਤੇ ਨਿਵੇਸ਼ਕ ਦੀ ਸਹੂਲਤ ਲਈ ਸੇਵਾਵਾਂ ਸਮੇਤ ਨਿਵੇਸ਼ ਸਬੰਧੀ ਕਈ ਫੈਸਲਿਆਂ ਦੇ ਅਹਿਮ ਪਹਿਲੂਆਂ ‘ਤੇ ਵੀ ਚਰਚਾ ਕੀਤੀ ਗਈ, ਜਿਸ ਵਿਚ ਕੇਂਦਰ ਸਰਕਾਰ ਤੇ ਆਂਧਰਾ ਪ੍ਰਦੇਸ਼, ਆਸਾਮ, ਮੱਧ ਪ੍ਰਦੇਸ਼, ਪੰਜਾਬ, ਤਿਲੰਗਾਨਾ ਅਤੇ ਉੱਤਰ ਪ੍ਰਦੇਸ਼ ਸਮੇਤ ਛੇ ਰਾਜ ਸਰਕਾਰਾਂ ਦੇ ਸੀਨੀਅਰ ਨੀਤੀ ਘਾੜਿਆਂ ਨੇ ਵੀ ਸ਼ਮੂਲੀਅਤ ਕੀਤੀ। 18 ਮੁਲਕਾਂ ਤੋਂ 180 ਕੰਪਨੀਆਂ ਦੀ ਸ਼ਮੂਲੀਅਤ ਵਾਲੇ ਇਸ ਨਿਵੇਸ਼ ਫੋਰਮ ਵੈਬੀਨਾਰ ਵਿਚ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਮੇਸ਼ਵਰ ਤੇਲੀ, ਆਂਧਰਾ ਪ੍ਰਦੇਸ਼ ਨਿਵੇਸ਼, ਬੁਨਿਆਦੀ ਢਾਂਚਾ, ਉਦਯੋਗ ਤੇ ਵਣਜ ਮੰਤਰੀ ਮੇਕਾਪਤੀ ਗੌਤਮ ਰੈਡੀ, ਆਸਾਮ ਦੇ ਉਦਯੋਗ ਮੰਤਰੀ ਚੰਦਰ ਮੋਹਨ ਪਟਵਾਰੀ ਅਤੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੇਇੰਦਰ ਸਿੰਗਲਾ ਨੇ ਵੀ ਮੌਜੂਦਗੀ ਦਰਜ ਕਰਵਾਈ।