New instructions regarding hotels : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਹੋਟਲ, ਰੈਸਟੋਰੈਂਟ, ਢਾਬੇ ਖੋਲ੍ਹਣ ਅਤੇ ਵਿਆਹਾਂ ਸਬੰਧੀ ਕੁਝ ਹੋਰ ਛੋਟਾਂ ਦਿੰਦੇ ਹੋਏ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਜਾਰੀ ਹਿਦਾਇਤਾਂ ਮੁਤਾਬਕ ਹੁਣ ਰਾਤ ਦੇ 8 ਵਜੇ ਤੱਕ ਰੈਸਟੋਰੈਂਟ ਤੇ ਹੋਟਲਾਂ ਵਿਚ ਅੰਦਰ ਬੈਠਣ ਦੀ ਸਮਰੱਥਾ ਦੇ ਅੱਧੀ ਫੀਸਦੀ ਮਹਿਮਾਨਾਂ ਨਾਲ ਉਥੇ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਭਾਵ ਜੇਕਰ ਰੈਸਟੋਰੈਂਟ ਵਿਚ ਬੈਠਣ ਦੀ ਸਮਰੱਥਾ 100 ਲੋਕਾਂ ਦੀ ਹੈ ਤਾਂ ਉਥੇ 50 ਲੋਕ ਹੀ ਬਿਠਾਏ ਜਾ ਸਕਦੇ ਹਨ। ਹੋਟਲ ਦੇ ਰੈਸਟੋਰੈਂਟ ਮਹਿਮਾਨਾਂ ਦੇ ਨਾਲ-ਨਾਲ ਬਾਹਰਲੇ ਲੋਕਾਂ ਲਈ ਵੀ ਰਾਤ 8 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਜਦਕਿ ਹੋਟਲਾਂ ਵਿਚਲੇ ਬਾਰ ਬੰਦ ਰਹਿਣਗੇ।
ਹਾਲਾਂਕਿ ਸੂਬੇ ਦੀ ਐਕਸਾਈਜ਼ ਪਾਲਿਸੀ ਅਧੀਨ ਹੋਟਲਾਂ ਦੇ ਕਮਰਿਆਂ ਅਤੇ ਰੈਸਟੋਰੈਂਟਾਂ ਵਿਚ ਸ਼ਰਾਬ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸੇ ਤਰ੍ਹਾਂ ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲ੍ਹੇ ਸਥਾਨਾਂ ’ਤੇ ਵਿਆਹ ਸਮਾਰੋਹਾਂ ਅਤੇ ਹੋਰ ਸਮਾਜਿਕ ਸਮਾਰੋਹਾਂ ਦੀ 50 ਲੋਕਾਂ ਦੇ ਇਕੱਠ ਨਾਲ ਛੋਟ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਮੁਤਾਬਕ ਕੈਟਰਿੰਗ ਦੇ ਸਟਾਫ ਤੋਂ ਇਲਾਵਾ ਵਿਆਹ ਵਿਚ ਆਏ ਲੋਕਾਂ ਦੀ ਗਿਣਤੀ 50 ਤੋਂ ਵੱਧ ਨਹੀਂ ਹੋਣੀ ਚਾਹੀਦੀ।