Ludhiana corona positive cases: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਪਸਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ, ਜੋ ਕਿ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਅੱਜ 39 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 2 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ‘ਚੋਂ ਸਾਹਮਣੇ ਆਏ ਕੋਰੋਨਾ ਦੇ ਨਵੇਂ 39 ਮਾਮਲਿਆਂ ‘ਚੋਂ 34 ਲੁਧਿਆਣਾ ਦੇ ਹਨ ਜਦਕਿ 5 ਹੋਰ ਜ਼ਿਲ੍ਹਿਆਂ ਤੋਂ ਹਨ। ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਜ਼ਿਲ੍ਹੇ ‘ਚ 2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਸੀ, ਜਿਨ੍ਹਾਂ ‘ਚੋਂ ਇਕ ਮ੍ਰਿਤਕ ਬਜ਼ੁਰਗ ਬਲਵੰਤ ਸਿੰਘ (85) ਬਹਾਦਰਕੇ ਰੋਡ ਦਾ ਰਹਿਣ ਵਾਲਾ ਹੈ, ਜੋ ਕਿ ਐੱਸ.ਪੀ.ਐੱਸ. ਹਸਪਤਾਲ ‘ਚ ਭਰਤੀ ਸੀ। ਦੂਜਾ ਮ੍ਰਿਤਕ ਬਿਹਾਰੀ ਲਾਲ (65) ਦਯਾਨੰਦ ਹਸਪਤਾਲ ‘ਚ ਦਾਖਲ ਸੀ।
ਜ਼ਿਲ੍ਹੇ ‘ਚ ਹੁਣ ਤੱਕ 623 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 18 ਮੌਤਾਂ ਹੋ ਚੁੱਕੀਆਂ ਹਨ। ਦੂਜੇ ਪਾਸੇ ਰਾਹਤ ਭਰੀ ਖਬਰ ਇਹ ਸਾਹਮਣੇ ਆਈ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 395 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।