Army Chief visits forward areas: ਭਾਰਤ-ਚੀਨ ਸਰਹੱਦ ‘ਤੇ ਲੱਦਾਖ ਵਿੱਚ 15 ਜੂਨ ਨੂੰ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ । ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਪਰ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਢੁੱਕਵਾਂ ਜਵਾਬ ਦਿੱਤਾ ਸੀ। ਅੱਜ ਜਦੋਂ ਆਰਮੀ ਚੀਫ ਐਮ.ਐਮ. ਨਰਵਾਣੇ ਪੂਰਬੀ ਲੱਦਾਖ ਦੀ ਫਾਰਵਰਡ ਪੋਸਟ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਫੌਜਾਂ ਦਾ ਸਨਮਾਨ ਕੀਤਾ।
ਆਰਮੀ ਚੀਫ ਐਮ.ਐਮ. ਨਰਵਾਣੇ ਨੇ ਪੂਰਬੀ ਲੱਦਾਖ ਦੀ ਫਾਰਵਰਡ ਪੋਸਟ ‘ਤੇ ਉਨ੍ਹਾਂ ਜਵਾਨਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਚੀਨੀ ਫੌਜ ਵਿਰੁੱਧ ਡੱਟ ਕੇ ਮੁਕਾਬਲਾ ਕੀਤਾ ।ਦੱਸ ਦੇਈਏ ਕਿ ਮੰਗਲਵਾਰ ਤੋਂ ਹੀ ਆਰਮੀ ਚੀਫ ਲੱਦਾਖ ਦੌਰੇ ‘ਤੇ ਹਨ, ਕੱਲ੍ਹ ਉਨ੍ਹਾਂ ਨੇ ਜ਼ਖਮੀ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੰਮ ਅਜੇ ਪੂਰਾ ਨਹੀਂ ਹੋਇਆ ਹੈ । ਹੁਣ ਬੁੱਧਵਾਰ ਨੂੰ ਫੌਜ ਮੁਖੀ ਪੂਰਬੀ ਲੱਦਾਖ ਵਿੱਚ ਫਾਰਵਰਡ ਪੋਸਟ ‘ਤੇ ਪਹੁੰਚੇ ਹਨ, ਇਹ ਉਹੀ ਇਲਾਕਾ ਹੈ ਜਿੱਥੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ।
ਫੌਜ ਮੁਖੀ ਦੇ ਨਾਲ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਅਤੇ ਕਾਰਪ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਫਾਰਵਰਡ ਲੋਕੇਸ਼ਨ ‘ਤੇ ਮੌਜੂਦ ਹਨ । ਸੈਨਾ ਮੁਖੀ ਇੱਥੇ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਉੱਥੇ ਤਾਇਨਾਤ ਕਮਾਂਡਰਾਂ ਨਾਲ ਗੱਲਬਾਤ ਕਰਨਗੇ ।
ਦੱਸ ਦੇਈਏ ਕਿ 15 ਜੂਨ ਦੀ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਲਗਾਤਾਰ ਗੱਲਬਾਤ ਕਰ ਰਹੀਆਂ ਹਨ ਅਤੇ ਕੋਰ ਕਮਾਂਡਰ ਪੱਧਰ ਦੇ ਮਾਮਲੇ ਵਿੱਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਚੀਨੀ ਫੌਜ ਪਿੱਛੇ ਹਟ ਜਾਵੇਗੀ ਅਤੇ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਨੂੰ ਲਾਗੂ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਕੂਟਨੀਤਕ ਪੱਧਰ ‘ਤੇ ਗੱਲਬਾਤ ਸ਼ੁਰੂ ਹੋਵੇਗੀ।