Newlywed girl dies after : ਲੁਧਿਆਣਾ ਵਿਖੇ ਮੁੱਲਾਂਪੁਰ ਦਾਖਾ ਤੋਂ ਇਕ ਨਵੀਂ ਵਿਆਹੀ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੇ ਬੁੱਧਵਾਰ ਨੂੰ ਲੜਕੀ ਬੱਦੋਵਾਲ ਦੇ ਨੇੜੇ ਬੇਹੋਸ਼ ਹਾਲਤ ਵਿਚ ਪਾਈ ਗਈ ਸੀ, ਜਿਸ ’ਤੇ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਦੇ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦੀ ਮਾਂ ਨੇ ਉਸ ਦੇ ਸਹੁਰੇ ਪਰਿਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਲੜਕੀ ਨੂੰ ਵਿਆਹ ਤੋਂ ਬਾਅਦ ਉਨ੍ਹਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ’ਤੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੇ ਸਹੁਰੇ ਪਰਿਵਾਰ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਫਰਵਰੀ 2020 ਵਿਚ ਉਸ ਦੀ ਧੀ ਦਾ ਵਿਆਹ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਸਚਿਨ ਨਾਲ ਹੋਇਆ ਸੀ ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਕਰਕੇ ਉਸ ਦੀ ਧੀ ਆਪਣੇ ਪੇਕੇ ਆ ਗਈ।
ਉਸ ਨੇ ਅੱਗੇ ਦੱਸਿਆ ਕਿ ਬੀਤੀ 16 ਜੂਨ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਮਨਾ ਕੇ ਆਪਣੇ ਨਾਲ ਲੈ ਗਏ ਪਰ 17 ਜੂਨ ਨੂੰ ਉਨ੍ਹਾਂ ਦੀ ਧੀ ਉਥੋਂ ਗਾਇਬ ਹੋ ਗਈ ਤੇ ਬੀਤੇ ਕੱਲ੍ਹ ਉਹ ਬੱਦੋਵਾਲ ਕੋਲ ਬੇਹੋਸ਼ ਪਈ ਮਿਲੀ, ਜਿਸ ’ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਂਦਾ ਗਿਆ, ਪਰ ਉਥੇ ਪਹੁੰਚ ਕੇ ਉਸਦੀ ਮੌਤ ਹੋ ਗਈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਸਹੁਰੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।