Higher diesel prices have : ਚੰਡੀਗੜ੍ਹ: ਪਿਛਲੇ 18 ਦਿਨਾਂ ਤੋਂ ਲਗਾਤਾਰ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨਾਲ ਆਮ ਆਦਮੀ ਦਾ ਆਰਥਿਕ ਸਥਿਤੀ ਤਾਂ ਪ੍ਰਭਾਵਿਤ ਹੋਈ ਹੈ ਪਰ ਇਸ ਦੇ ਨਾਲ-ਨਾਲ ਕਿਸਾਨਾਂ ’ਤੇ ਵਾਧੂ ਭਾਰ ਪਿਆ ਹੈ, ਜੋਕਿ ਲਗਭਗ 1100 ਕਰੋੜ ਰੁਪਏ ਦਾ ਹੈ, ਜਿਸ ’ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਸਖਤ ਨਾਜ਼ਾਰੀ ਪ੍ਰਗਟਾਈ ਗਈ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ ਨੂੰ ਵੀ ਰਿਵਾਈਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧੀਆਂ ਕਿਸਾਨਾਂ ਨੂੰ ਨਵੀਂ ਮੁਸੀਬਤ ਵਿਚ ਪਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੂਰੇ ਸਾਲ ਵਿੱਚ ਪੰਜਾਬ ਦੇ ਕਿਸਾਨ 11 ਲੱਖ ਕਿਲੋਲੀਟਰ ਡੀਜ਼ਲ ਦੀ ਵਰਤੋਂ ਕਰਦੇ ਹਨ ਅਤੇ ਸਭ ਤੋਂ ਵੱਧ ਖਪਤ ਝੋਨੇ ਦੀ ਬਿਜਾਈ ਵੇਲੇ ਹੁੰਦੀ ਹੈ ਪਰ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਲਈ ਰੋਜ਼ਾਨਾ ਕਈ ਘੰਟਿਆਂ ਤੱਕ ਟਰੈਕਟਰ ਰਾਹੀਂ ਕਿਸਾਨਾਂ ਨੂੰ ਆਪਣਾ ਕੰਮ ਚਲਾਉਣਾ ਪਿਆ। ਪਰ ਹੁਣ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਉਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਵੀ ਵਧ ਰਹੀਆਂ ਹਨ। ਖੇਤੀ ਨੀਤੀ ਮਾਮਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਉੱਪਰ 1100 ਕਰੋੜ ਰੁਪਏ ਦਾ ਵਾਧੂ ਬੋਝ ਸਿਰਫ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਰਕੇ ਹੀ ਪਿਆ ਹੈ। ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ’ਤੇ ਖੇਤੀ ਤੇ ਆਰਥਿਕ ਮਾਹਰ ਵੀ ਹੈਰਾਨੀ ਪ੍ਰਗਟਾ ਰਹੇ ਹਨ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ’ਤੇ ਵੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ ਹਨ।
ਇਸ ਬਾਰੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਟਵੀਚ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ‘ਤੇ 53 ਰੁਪਏ ਦਾ ਵਾਧਾ ਕੀਤਾ ਗਿਆ ਹੈ। ਖੇਤੀ ਤੇ ਲਾਗਤ ਮੁੱਲ ਕਮਿਸ਼ਨ ਨੇ ਖੇਤੀ ਦੀ ਇਨਪੁਟ ਵਿਚ 5.1 ਫੀਸਦੀ ਵਾਧੇ ਦਾ ਅੰਦਾਜ਼ਾ ਲਗਾਉਂਦਿਆਂ ਅਜਿਹਾ ਕੀਤਾ ਸੀ, ਪਰ ਪਿਛਲੇ ਦਸ ਦਿਨਾਂ ਵਿਚ 10 ਫੀਸਦੀ ਐਮਐਸਪੀ ਵਾਧਾ ਤਾਂ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਵਿਚ ਚਲਾ ਗਿਆ, ਜਿਸ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਝੱਲਣਾ ਪਏਗਾ। ਪੰਜਾਬ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ‘ਤੇ ਵੈਟ ਕ੍ਰਮਵਾਰ 3.19 ਫੀਸਦ ਅਤੇ 3.35 ਫੀਸਦੀ ਵਧਾਇਆ ਸੀ, ਉਥੇ ਪੈਟਰੋਲ ’ਤੇ ਵੀ ਵੈਟ ਦੀ ਦਰ 20.11 ਤੋਂ ਵਧਾ ਕੇ 23.30 ਫੀਸਦੀ ਕਰ ਦਿੱਤੀ ਗਈ ਸੀ। ਅਜੇ ਪੈਟਰੋਲ ’ਤੇ 26.43 ਫੀਸਦੀ, ਜਦਕਿ ਡੀਜ਼ਲ ’ਤੇ 15.98 ਫੀਸਦੀ ਵੈਟ ਲਿਆ ਜਾ ਰਿਹਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ’ਤੇ ਵਧਾਏ ਗਏ ਟੈਕਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ’ਤੇ ਆਉਣ ਵਾਲੇ ਦਿਨਾਂ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ’ਆਪ’ ਸੰਘਰਸ਼ ਕਰਨ ਲਈ ਤਿਆਰ ਹੈ।