Sumedh Saini to be granted bail : ਚੰਡੀਗੜ੍ਹ: ਆਈ.ਏ.ਐੱਸ ਅਫ਼ਸਰ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਦੀ ਕਾਰਵਾਈ ਅੱਗੇ ਪਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਅਦਾਲਤ ਵਿਚ ਕਾਰਵਾਈ ਦੌਰਾਨ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਐੱਚਐੱਸ ਧਨੋਆ ‘ਚ ਖਾਸੀ ਬਹਿਸ ਹੋਈ। ਜਿਸ ਤੋਂ ਬਾਅਦ ਮੋਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਨੇ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਬਰਕਰਾਰ ਰੱਖਦਿਆਂ ਪੱਕੀ ਜ਼ਮਾਨਤ ਦੇਣ ਸਬੰਧੀ ਸੁਣਵਾਈ 6 ਜੁਲਾਈ ਤੱਕ ਅੱਗੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਪੈਰਵੀ ਲਈ ਸਰਤੇਜ ਸਿੰਘ ਨਰੂਲਾ ਅਤੇ ਵਕੀਲ ਸੰਜੀਵ ਬੱਤਰਾ ਲਈ ਸਰਕਾਰੀ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 1990 ਵਿਚ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ ਤਾਂ ਉਨ੍ਹਾਂ ’ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ ਸੁਰੱਖਿਆ ’ਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਉਸ ਮਾਮਲੇ ਵਿਚ ਸੈਣੀ ਵੱਲੋਂ ਆਈਏਐਸ ਅਫਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਬਲਵੰਤ ਦੀ ਪੁਲਿਸ ਦੇ ਟਾਰਚਰ ਨਾਲ ਮੌਤ ਹੋ ਗਈ। 2008 ਵਿਚ ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ’ਤੇ ਚੰਡੀਗੜ੍ਹ ਸੀਬੀਆਈ ਨੇ ਇਸ ਮਾਮਲੇ ਵਿਚ ਪ੍ਰੀਮਿਲਨਰੀ ਇਨਕੁਆਰੀ ਸ਼ੁਰੂ ਕੀਤੀ, ਜਿਸ ਤੋਂ ਬਾਅਦ 2008 ਵਿਚ ਸੈਣੀ ਖਿਲਾਫ ਸੀਬੀਆਈ ਵੱਲੋਂ ਕੇਸ ਦਰਜ ਕੀਤਾ ਗਿਆ।
ਹਾਲਾਂਕਿ ਬਾਅਦ ਵਿਚ ਸੁਪਰੀਮ ਕੋਰਟ ਨੇ ਟੈਕਨੀਕਲ ਗ੍ਰਾਊਂਡ ’ਤੇ ਇਸ ਐਫਆਈਆਰ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਨਵੇਂ ਫੈਕਟਸ ਨਾਲ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ 7 ਮਈ ਨੂੰ ਸੈਣੀ ਖਿਲਾਫ ਆਈਪੀਸੀ ਦੀ ਧਾਰਾ 364 (ਅਗਵਾ ਤੇ ਹੱਤਿਆ ਲਈ ਅਗਵਾ), 201 (ਸਬੂਤ ਮਿਟਾਉਣ ਲਈ), 344 (ਗਲਤ ਤਰੀਕੇ ਤੋਂ ਜੇਲ), 330 ਅਤੇ 120ਬੀ (ਅਪਰਾਧਿਕ ਸਾਜ਼ਿਸ਼ ਰਚਣਾ) ਅਧੀਨ ਕੇਸ ਦਰਜ ਕੀਤਾ ਸੀ।