Twelve areas sealed in Jalandhar : ਜਲੰਧਰ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਜ਼ਨਰ ਪ੍ਰਸ਼ਾਸਨ ਵੱਲੋਂ 12 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਘਣਸ਼ਿਆਣ ਥੋਰੀ ਵੱਲੋਂ ਅੱਜ ਸਵੇਰੇ ਜਾਰੀ ਕੀਤੀ ਗਈ ਇਸ ਵਿਚ ਦਸ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੇ ਦੋ ਨੂੰ ਕੰਟੇਨਮੈਂਟ ਜ਼ੋਨ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਐਸਡੀਐਮ ਤੇ ਏਸੀਪੀ ਦੀ ਨਿਗਰਾਨੀ ਹੇਠ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਇਕ-ਇਕ ਡਾਕਟਰ ਨੂੰ ਰੋਜ਼ਾਨਾ ਤਿੰਨ-ਤਿੰਨ ਵਾਰ ਇਨ੍ਹਾਂ ਇਲਾਕਿਆਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਇਨ੍ਹਾਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਸ਼ਾਮਲ ਇਲਾਕਿਆਂ ਵਿਚ ਮਹਿੰਦਰੂ ਮੁਹੱਲਾ, ਟੀਚਰ ਕਾਲੋਨੀ, ਗੋਪਾਲ ਨਗਰ, ਫ੍ਰੈਂਡਸ ਕਾਲੋਨੀ, ਰਾਮ ਨਗਰ ਇੰਡਸਟ੍ਰੀਅਲ ਏਰੀਆ, ਪਿੰਡ ਨਾਗਰਾ ਬਿਲਗਾ, ਸਿਧਾੜਤ ਨਗਰ, ਸੈਨਿਕ ਵਿਹਾਰ, ਉਪਕਾਰ ਨਗਰ, ਪੁਰਾਣਾ ਸੰਤੋਖਪੁਰਾ ਅਤੇ ਬਾਂਸ ਵਾਲਾ ਬਾਜ਼ਾਰ ਸ਼ਾਮਲ ਹੈ। ਇਸ ਤੋਂ ਇਲਾਵਾ ਸਰਵਹਿਸਤਕਾਰੀ ਸਕੂਲ ਵਿੱਦਿਆਧਾਮ ਸੂਰਿਆ ਐਨਕਲੇਵ ਨੂੰ ਤੇ ਬੱਬੂ ਬਾਬੇ ਵਾਲੀ ਗਲੀ ਭਾਰਗਵ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਇਲਾਕਿਆਂ ਵਿਚ ਪੰਜ ਜਾਂ ਪੰਜ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਰੀਜ਼ ਪਾਏ ਗਏ ਹਨ।
ਇਸ ਬਾਰੇ ਜ਼ਿਲਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰੋਟੋਕੋਲ ਮੁਤਾਬਕ ਇਹ ਇਲਾਕੇ ਸੀਲ ਰਹਿਣਗੇ ਅਤੇ ਲੋੜ ਪੈਣ ’ਤੇ ਇਸ ਸੂਚੀ ਨੂੰ ਰਿਵਾਈਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਜਾਂਚ ਲਈ ਬਣਾਈਆਂ ਗਈਆਂ ਟੀਮਾਂ ਵਿਚ ਸਬੰਧਤ ਇਲਾਕੇ ਦੇ ਐਸਐਚਓ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮਾਂ ਰੋਜ਼ਾਨਾ ਤਿੰਨ ਵਾਰ ਇਨ੍ਹਾਂ ਇਲਾਕਿਆਂ ਵਿਚ ਜਾਂਚ ਕਰਨਗੀਆਂ, ਤਾਂਕਿ ਇਨ੍ਹਾਂ ਇਲਾਕਿਆਂ ਵਿਚ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਹੋਵੇ ਅਤੇ ਇਹ ਵਾਇਰਸ ਹੋਰ ਇਲਾਕਿਆਂ ਵਿਚ ਨਾ ਫੈਲੇ।