Teacher arrested for tutoring : ਜਲੰਧਰ : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਜਿਥੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਘਰ ਵਿਚ ਹੀ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਅਤੇ ਬੱਚਿਆਂ ਨੂੰ ਘਰ ਵਿਚ ਹੀ ਬੈਠ ਕੇ ਪੜ੍ਹਾਉਣ ਦੀਆਂ ਵਾਰ-ਵਾਰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਜਲੰਧਰ ਵਿਚ ਸੂਰਿਆ ਐਨਕਲੇਵ ਵਿਚ ਇਕ ਮਹਿਲਾ ਅਧਿਆਪਕ ਵੱਲੋਂ ਬੱਚਿਆਂ ਨੂੰ ਘਰ ਵਿਚ ਬੁਲਾ ਕੇ ਟਿਊਸ਼ਨ ਪੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚੀ ਤਾਂ ਅਧਿਆਪਕਾ ਘਰ ਵਿਚ ਤਿੰਨ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਸੀ, ਜਿਸ ’ਤੇ ਔਰਤ ਵਿਰੁੱਧ ਧਾਰਾ 188 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ਵਿਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਾਮਾ ਮੰਡੀ ਦੇ ਥਾਣਾ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਸੂਰਿਆ ਐਨਕਲੇਵ ਵਿਚ ਮਨਪ੍ਰੀਤ ਨਾਂ ਦੀ ਇਕ ਔਰਤ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਹੈ, ਜਿਸ ’ਤੇ ਤੁਰੰਤ ਉਨ੍ਹਾਂ ਨੇ ਮੌਕੇ ’ਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚ ਮਹਿਲਾ ਪੁਲਿਸ ਮੁਲਾਜ਼ਮ ਵੀ ਸੀ, ਮੌਕੇ ’ਤੇ ਭੇਜੇ, ਜਿਥੇ ਉਨ੍ਹਾਂ ਨੇ ਦੇਖਿਆ ਕਿ ਤਿੰਨ ਔਰਤ ਦੇ ਘਰ ਤਿੰਨ ਬੱਚੇ ਬੈਠੇ ਸਨ। ਪੁਲਿਸ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਅਧਿਆਪਕਾ ਖਿਲਾਫ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਕੋਰੋਨਾ ਸੰਕਟ ਦੇ ਚੱਲਦਿਆਂ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਵਿਚ ਬੈਠਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਤਾਂ ਸਖਤੀ ਨਾਲ ਘਰੋਂ ਬਾਹਰ ਨਾ ਲਿਜਾਣ ਲਈ ਕਿਹਾ ਜਾ ਰਿਹਾ ਹੈ। ਅਜਿਹੇ ਮੌਕੇ ’ਤੇ ਬੱਚਿਆਂ ਦੀਆਂ ਇਸ ਤਰ੍ਹਾਂ ਲਗਾਈਆਂ ਜਾ ਰਹੀਆਂ ਕਲਾਸਾਂ ਖਤਰਨਾਕ ਸਿੱਧ ਹੋ ਸਕਦੀਆਂ ਹਨ।
ਦੱਸਣਯੋਗ ਹੈ ਕਿ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਅਧਿਆਪਕਾ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਉਹ ਟਿਊਸ਼ਨ ਨਹੀਂ ਪੜ੍ਹਾ ਰਹੀ, ਸਗੋਂ ਬੱਚਿਆਂ ਨੂੰ ਫ੍ਰੀ ਵਿਚ ਕੋਰਸ ਕਰਵਾ ਰਹੀ ਹੈ। ਉਸ ਨੇ ਕਿਹਾ ਕਿ ਇਹ ਉਸ ਦੇ ਗੁਆਂਢੀਆਂ ਦੇ ਬੱਚੇ ਹਨ ਅਤੇ ਉਸ ਨੇ ਉਨ੍ਹਾਂ ਨੂੰ ਦੂਰ-ਦੂਰ ਬਿਠਾਇਆ ਹੋਇਆ ਹੈ।