Two women reported Corona : ਕੋਰੋਨਾ ਦੇ ਮਾਮਲੇ ਚੰਡੀਗੜ੍ਹ ਵਿਚ ਰੁਕਣ ਦਾ ਨਾਂ ਨਹੀਂ ਲੈ ਰਹੇ। ਸ਼ਹਿਰ ਵਿਚ ਅੱਜ ਚੜ੍ਹਦੀ ਸਵੇਰ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸੈਕਟਰ-30 ਦੀ 76 ਸਾਲਾ ਔਰਤ ਅਤੇ ਸੈਕਟਰ-46 ਦੀ 31 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਦੋਹਾਂ ਮਰੀਜ਼ਾਂ ਨੂੰ ਜੀਐਮਸੀਐਚ-32 ਵਿਚ ਦਾਖਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 425 ਹੋ ਗਈ ਹੈ, ਜਦਕਿ ਇਸ ਮਹਾਰੀ ਨਾਲ ਸ਼ਹਿਰ ਵਿਚ ਹੁਣ ਤੱਕ 6 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਸੈਕਟਰ-22 ਵਿਚ ਇਕ ਇਕ ਸੱਤ ਮਹੀਨੇ ਦੇ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਸੈਕਟਰ-26 ਦੀ ਇਕ 25 ਸਾਲਾ ਲੜਕੀ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਕੱਲ ਸ਼ੁੱਕਰਵਾਰ ਨੂੰ ਛੇ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰ ਲਈ ਰਵਾਨਾ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚ ਖੁੱਡਾ ਜੱਸੂ ਦੀ 14 ਸਾਲਾ ਲੜਕੀ, 32 ਸਾਲਾ ਔਰਤ ਅਤੇ 32 ਸਾਲਾ ਵਿਅਕਤੀ ਤੋਂ ਇਲਾਵਾ ਮਨੀਮਾਜਰਾ ਦੇ 30 ਸਾਲਾ ਵਿਅਕਤੀ, ਸੈਕਟਰ-26 ਬਾਪੂਧਾਮ ਕਾਲੋਨੀ ਦੀ 12 ਦਿਨਾਂ ਦੀ ਬੱਚੀ ਅਤੇ 56 ਸਾਲਾ ਦੀ ਔਰਤ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਰੈਪਿਡ ਸੈਂਪਲਿੰਗ ਅਧੀਨ ਬੀਤੇ ਦਿਨ ਸ਼ਹਿਰ ਵਿਚ 29 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਹੁਣ ਤੱਕ ਸ਼ਹਿਰ ਵਿਚ 7201 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 6746 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।