In PGI Emergency and OPD : ਚੰਡੀਗੜ੍ਹ : ਪੀਜੀਆਈ ਵਿਚ ਮਰੀਜ਼ਾਂ ਲਈ ਹੁਣ ਐਮਰਜੈਂਸੀ ਤੇ ਓਪੀਡੀ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਇਸ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ, ਜਿਸ ਤੋਂ ਬਾਅਦ ਪੀਜੀਆਈ ਪਹੁੰਚ ਕੇ ਸਬੰਧਤ ਡਾਕਟਰ ਨੂੰ ਮਿਲ ਕੇ ਮਰੀਜ਼ ਆਪਣਾ ਇਲਾਜ ਕਰਵਾ ਸਕਦੇ ਹਨ। ਦੱਸਣਯੋਗ ਹੈ ਕਿ ਲੌਕਡਾਊਨ ਦੇ ਹਟਣ ਤੋਂ ਬਾਅਦ ਤੋਂ ਪੀਜੀਆਈ ਵਿਚ ਮਰੀਜ਼ਾਂ ਦਾ ਟੈਲੀ ਕੰਸਲਟੈਂਸ਼ਨ ਸਰਵਿਸ ਰਾਹੀਂ ਇਲਾਜ ਕੀਤਾ ਜਾ ਰਿਹਾ ਸੀ। ਇਥੇ ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਲੱਗੇ ਲੌਕਡਾਊ ਕਾਰਨ ਪੀਜੀਆਈ ਵਿਚ ਅਪ੍ਰੈਲ ਅਤੇ ਮਈ ਵਿਚ ਇਕ ਵੀ ਮੇਜਰ ਸਰਜਰੀ ਨਹੀਂ ਹੋ ਸਕੀ ਸੀ ਪਰ ਆਨਲੌਕ-1 ਤੋਂ ਬਾਅਦ ਤੋਂ ਹੁਣ ਤੱਕ ਪੀਜੀਆਈ ਵਿਚ 400 ਤੋਂ ਵੱਧ ਮੇਜਰ ਸਰਜਰੀਆਂ ਤੋਂ ਇਲਾਵਾ 50 ਮਰੀਜ਼ਾਂ ਦੀ ਓਪਨ ਹਾਰਟ ਸਰਜਰੀ ਕੀਤੀ ਜਾ ਚੁੱਕੀ ਹੈ।
ਦੱਸ ਦੇਈਏ ਕਿ ਓਪਨ ਹਾਰਟ ਸਰਜਰੀ ਤੋਂ ਇਲਾਵਾ ਨਿਊਰੋਸਰਜਰੀ, ਕਮੀਥੈਰੇਪੀ ਅਤੇ ਰੇਡੀਓਥੈਰਿਪੀ ਰੋਜ਼ਾਨਾ 100 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੀਜੀਆਈ ਵਿਚ ਰੋਜ਼ਾਨਾ 1500 ਤੋਂ ਵੱਧ ਮਰੀਜ਼ ਓਪੀਡੀ ਵਿਚ ਇਲਾਜ ਲਈ ਆ ਰਹੇ ਹਨ, ਜਦਕਿ 1100 ਦੇ ਲਗਭਗ ਇਨਡੋਰ ਮਰੀਜ਼ ਪੀਜੀਆਈ ਵਿਚ ਆ ਰਹੇ ਹਨ। ਪੀਜੀਆਈ ਵਿਚ ਰੋਜ਼ਾਨਾ 150 ਤੋਂ ਵੱਧ ਐਮਰਜੈਂਸੀ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਔਸਤਨ 70 ਤੋਂ 90 ਮੇਜਰ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ 45 ਤੋਂ 50 ਮਰੀਜ਼ਾਂ ਦੀ ਰੋਜ਼ਾਨਾ ਡਾਇਲਲਿਸਿਸ ਹੋ ਰਹੀ ਹੈ।