Chief Minister explained why gyms : ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਇਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇਸ ਲੌਕਡਾਊਨ ਵਿਚ ਹਾਲਾਂਕਿ ਕਾਫੀ ਛੋਟਾਂ ਦੇ ਦਿੱਤੀਆਂ ਗਈਆਂ ਹਨ ਪਰ ਕੁਝ ਸਰਗਰਮੀਆਂ ਨੂੰ ਸੂਬੇ ਵਿਚ ਅਜੇ ਵੀ ਸ਼ੁਰੂ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਹਨ ਜਿਮ। ਨੌਜਵਾਨਾਂ ਵੱਲੋਂ ਜਿਮ ਨਾ ਖੋਲ੍ਹਣ ’ਤੇ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਵਧੇਰੇ ਨੌਜਵਾਨ ਜਿਮ ਜਾਣ ਦੇ ਸ਼ੌਕੀਨ ਹਨ। ਉਨ੍ਹਾਂ ਵੱਲੋਂ ਲਗਾਤਾਰ ਛੇਤੀ ਹੀ ਜਿਮ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕਿ ਜਿਮ ਨਾ ਖੋਲ੍ਹਣ ਦਾ ਕਾਰਨ ਦੱਸਿਆ।
ਉਹਨਾਂ ਇਸ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਜਿਮ ਨਾ ਖੋਲ੍ਹਣਾ ਪੰਜਾਬ ਸਰਕਾਰ ਦੇ ਹੱਥ ਵਿਚ ਨਹੀਂ ਹੈ ਕਿਉਂ ਕਿ ਲੌਕਡਾਊਨ ਦਾ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਜਿਮ ਵੀ ਨੈਸ਼ਨਲ ਡਿਸਾਸਟਰ ਐਕਟ ਦੇ ਅਧੀਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡਿਸਾਸਟਰ ਐਕਟ ਪੰਜਾਬ ਦੇ ਹੱਥ ਹੁੰਦਾ ਤਾਂ ਉਹ ਜਿਮ ਜ਼ਰੂਰ ਖੋਲ੍ਹ ਦਿੰਦੇ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਅਜੇ ਸੂਬੇ ਵਿਚ ਜਿਮ ਨਹੀਂ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਜਿਮ ਵਿਚ ਕਈ ਲੋਕਾਂ ਵੱਲੋਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਕ ਤੋਂ ਬਾਅਦ ਇਕ ਇਸ ਦੀ ਵਰਤੋਂ ਕਰਦਾ ਹੈ। ਜਿਮ ਕਰਦੇ ਸਮੇਂ ਪਸੀਨਾ ਵੀ ਆਉਂਦਾ ਹੈ ਤੇ ਜੇ ਉਸ ਨੂੰ ਕਿਸੇ ਦਾ ਹੱਥ ਲੱਗ ਜਾਵੇ ਤਾਂ ਕੀਟਾਣੂ ਫੈਲ ਸਕਦੇ ਹਨ ਇਸ ਲਈ ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਕਾਰਨ ਜਿਮ ਅਜੇ ਤੱਕ ਬੰਦ ਰਖੇ ਗਏ ਹਨ।