Training will be imparted to 1200 more : ਪੰਜਾਬ ਵਿਚ ਆਉਣ ਵਾਲੇ ਦਿਨਾਂ ’ਚ ਕੋਰੋਨਾ ਦੇ ਮਾਮਲਿਆਂ ਵਿਚ ਹੋਰ ਵੀ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਮੱਦੇਜ਼ਨਰ ਸੂਬੇ ਵਿਚ ਟੈਸਟਾਂ ਦੀ ਵਧਾਉਣ ਲਈ ਸਰਕਾਰ ਯਤਨਸ਼ੀਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੇ ਲਈ ਵਿਭਾਗ ਨੇ ਜਿਥੇ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਟੈਸਟਿੰਗ ਕਰਨ ਦੀ ਛੋਟ ਦਿੱਤੀ ਹੈ ਉਥੇ ਵਿਭਾਗ ਹੁਣ ਸਿਹਤ ਵਿਭਾਗ ਤੋਂ ਇਲਾਵਾ 1200 ਹੋਰ ਡਾਕਟਰਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਵਿਚ ਰੂਰਲ ਵਿਭਾਗ ਦੇ 750 ਮੈਡੀਕਲ ਅਫਸਰ ਅਤੇ 450 ਡਾਕਟਰ ਆਯੁਸ਼ ਵਿਭਾਗ ਦੇ ਸਾਮਲ ਹਨ। ਇਨ੍ਹਾਂ ਡਾਕਟਰਾਂ ਨੂੰ ਘੱਟੋ-ਘੱਟ 10 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਵਿਚ ਕੋਰੋਨਾ ਦੀ ਸੈਂਪਲਿੰਗ ਅਤੇ ਪੈਕਿੰਗ ਕਰਨਾ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਡਾਕਟਰਾਂ ਨੂੰ ਖੁਦ ਦਾ ਬਚਾਅ ਵੀ ਸਿਖਾਇਆ ਜਾਏਗਾ। ਇਸ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਤੋਂ ਵੀ ਇਸ ਇਨਫੈਕਸ਼ਨ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਵਿਚ ਟੈਸਟਿੰਗ ਸਮਰੱਥਾ ਨੂੰ ਰੋਜ਼ਾਨਾ 9 ਹਜ਼ਾਰ ਤੱਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਸਿਵਲ ਸਰਜਨਾਂ ਨੂੰ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਟ੍ਰੇਨਿੰਗ ਦੀ ਰਿਪੋਰਟ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਨ੍ਹਾਂ ਟ੍ਰੇਨਿੰਗ ਵਾਲੇ ਡਾਕਟਰਾਂ ਦੀ ਤਾਇਨਾਤੀ ਵਾਲੇ ਜ਼ਿਲਿਆਂ ਵਿਚ ਹੀ ਦਿੱਤੇ ਜਾਣ ਬਾਰੇ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸਿਵਲ ਸਰਜਨਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰਖਦੇ ਹੋਏ ਡਾਕਟਰਾਂ ਨੂੰ ਵੱਡੇ ਗਰੁੱਪਾਂ ਦੀ ਬਜਾਏ 4 ਤੋਂ 5 ਡਾਕਟਰਾਂ ਦਾ ਗਰੁੱਪ ਬਣਾ ਕੇ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਤਿਆਰ ਕਰਨ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਸੂਬੇ ਦੇ ਜ਼ਿਲਾ ਹਸਪਤਾਲਾਂ ਵਿਚ ਤਾਇਨਾਤ ਆਰਐਮਓ ਅਤੇ ਏਐਮਓ ਨੂੰਵੀ ਵਿਭਾਗ ਨੇ ਤਿੰਨ ਦਿਨਾਂ ਤੱਕ ਦੀ ਟ੍ਰੇਨਿੰਗ ਦੇਣ ਦਾ ਪੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਕਮਿਊਨਿਟੀ ਹੈਲਥ ਆਫੀਸਰ, ਫਾਰਮਾਸਿਸਟ ਅਤੇ ਸਟਾਫ ਨਰਸ ਨੂੰ ਟ੍ਰੇਨਿੰਗ ਦੇਣ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਈ ਸੰਸਥਾਵਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਲਈ ਵਿਭਾਗ ਕੋਰੋਨਾ ਦੇ ਟੈਸਟਾਂ ਦੀ ਗਿਣਤੀ ਵਧਾਉਣਾ ਚਾਹੁੰਦਾ ਹੈ।