Assam floods: ਇੱਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਨਾਮ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਉੱਤਰ-ਪੂਰਬੀ ਰਾਜਾਂ ਵਿੱਚ ਅਸਮਾਨ ਤੋਂ ਆਫ਼ਤ ਦੀ ਬਾਰਿਸ਼ ਜਾਰੀ ਹੈ। ਅਸਾਮ ਦੇ 23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ । ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਅਨੁਸਾਰ ਹੜ੍ਹ ਕਾਰਨ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ । ਆਸਾਮ ਦੀ 9.3 ਲੱਖ ਆਬਾਦੀ ਹੜ੍ਹ ਨਾਲ ਪ੍ਰਭਾਵਿਤ ਹੈ । ਇੱਥੇ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿੱਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਏਐਸਡੀਐਮਏ ਦਾ ਕਹਿਣਾ ਹੈ ਕਿ ਧੇਮਾਜੀ, ਲਖੀਮਪੁਰ, ਬਿਸਵਾਨਥ, ਉਦਲਗੁਰੀ, ਦਰੰਗ, ਨਾਲਬਾਰੀ, ਬਾਰਪੇਟਾ, ਬੋਂਗਾਇਗਾਓਂ, ਕੋਕਰਾਝਰ, ਧੁਬਰੀ, ਦੱਖਣੀ ਸਲਮਾਰਾ, ਗੋਲਪਾਰਾ, ਕਾਮਰੂਪ, ਮੋਰਿਗਾਓਂ, ਹੋਜਾਈ, ਨਾਗਾਓਂ, ਨਾਗਾਲੋਂ, ਨੌਗਾਂਵਾ, ਮਜੁਲੀ, ਸਿਵਸਾਗਰ, ਦ੍ਰਿਗੜਬੀਆ ਪੱਛਮੀ ਕਰਬੀ ਐਂਗਲਾਂਗ ਜ਼ਿਲ੍ਹੇ ਦੀ 9 ਲੱਖ ਤੋਂ ਵੱਧ ਆਬਾਦੀ ਹੜ੍ਹ ਨਾਲ ਪ੍ਰਭਾਵਿਤ ਹੈ।
ਦਰਅਸਲ, ਹੜ੍ਹ ਦਾ ਸਭ ਤੋਂ ਜਿਆਦਾ ਪ੍ਰਭਾਵ ਬਾਰਪੇਟਾ ਜ਼ਿਲ੍ਹੇ ਦਾ ਹੈ, ਜਿੱਥੇ 1.35 ਲੱਖ ਆਬਾਦੀ ਪ੍ਰਭਾਵਿਤ ਹੈ । ਇਸ ਦੇ ਨਾਲ ਹੀ ਧੇਮਾਜੀ ਵਿੱਚ ਤਕਰੀਬਨ ਇੱਕ ਲੱਖ ਲੋਕ ਅਤੇ ਨਾਲਬਾਰੀ ਵਿੱਚ 96 ਹਜ਼ਾਰ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ । ਪਿਛਲੇ 24 ਘੰਟਿਆਂ ਵਿੱਚ ਐਸਡੀਆਰਐਫ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੀਆਂ ਏਜੰਸੀਆਂ ਨੇ ਪੰਜ ਜ਼ਿਲ੍ਹਿਆਂ ਵਿੱਚ 9303 ਲੋਕਾਂ ਨੂੰ ਬਚਾਇਆ ਹੈ ।
ਏਐਸਡੀਐਮਏ ਅਨੁਸਾਰ ਹੜ੍ਹਾਂ ਦੀ ਲਪੇਟ ਵਿੱਚ 2071 ਪਿੰਡ ਹਨ ਅਤੇ 68 ਹਜ਼ਾਰ ਹੈਕਟੇਅਰ ਤੋਂ ਵੱਧ ਫਸਲ ਤਬਾਹ ਹੋ ਗਈ ਹੈ । ਅਥਾਰਟੀ ਵੱਲੋਂ 12 ਜ਼ਿਲ੍ਹਿਆਂ ਵਿੱਚ 193 ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ ਕੀਤੇ ਗਏ ਹਨ । ਸ਼ੈਲਟਰ ਹੋਮ ਵਿੱਚ 27 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੱਖਿਆ ਗਿਆ ਹੈ । ਬ੍ਰਹਮਪੁੱਤਰ ਨਦੀ ਕਈ ਥਾਵਾਂ ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ।
ਦੱਸ ਦੇਈਏ ਕਿ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਵਿੱਚ ਵੀ ਪਾਣੀ ਲਗਾਤਾਰ ਵੱਧਦੇ ਹੋਏ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਰਾਜ ਸਰਕਾਰ ਦੀ ਚਿੰਤਾ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸਰਬੰੰਦ ਸੋਨਵਾਲ ਅਤੇ ਸਿਹਤ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ।