ludhiana chhawani mohalla corona: ਲੁਧਿਆਣਾ ‘ਚ ਦਿਨੋ-ਦਿਨ ਵੱਧ ਰਹੇ ਕੋਰੋਨਾ ਦੇ ਕਹਿਰ ਦੌਰਾਨ ਚੰਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਛਾਉਣੀ ਮੁਹੱਲੇ ਦੀ ਸਥਿਤੀ ‘ਚ ਸੁਧਾਰ ਹੋਣ ਨਾਲ ਹੁਣ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨਾਂ ਦੀ ਲਿਸਟ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਜ਼ਿਲ੍ਹੇ ‘ਚ 2 ਕੰਟੇਨਮੈਂਟ ਜ਼ੋਨ ਅਤੇ 9 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਜ਼ਿਲ੍ਹੇ ‘ਚੋਂ ਕੁੱਲ 30526 ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 29111 ਦੀ ਰਿਪੋਰਟ ਮਿਲੀ, ਜਿਸ ‘ਚ 28184 ਨੈਗੇਟਿਵ ਜਦਕਿ 1415 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਜ਼ਿਲ੍ਹੇ ‘ਚੋਂ ਮੌਜੂਦ ਸਮੇਂ 746 ਪਾਜ਼ੀਟਿਵ ਮਾਮਲੇ ਹਨ ਜਦਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 223 ਸਰਗਰਮ ਮਾਮਲੇ ਹਨ। ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਇੱਥੇ 523 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਜ਼ਿਲ੍ਹਾਂ ਲੁਧਿਆਣਾ ‘ਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।