ਜਲੰਧਰ 29 ਜੂਨ 2020: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ.ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਸੂਬੇ ਵਿੱਚ ਫੈਲਣ ਤੋਂ ਰੋਕਣ ਲਈ ਸਹੀ ਸਮੇਂ ‘ਤੇ ਲੋੜੀਂਦੇ ਕਦਮ ਉਠਾਏ ਗਏ ਜਿਸ ਸਦਕਾ ਪੰਜਾਬ ਦੀ ਸਥਿਤੀ ਦੇਸ਼ ਦੇ ਦੂਜੇ ਰਾਜਾਂ ਨਾਲ ਬਹੁਤ ਵਧੀਆ ਹੈ। ਸ੍ਰ.ਬਾਜਵਾ ਨਾਲ ਚੇਅਰਮੈਨ ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ.ਜਗਬੀਰ ਸਿੰਘ ਬਰਾੜ ਵੀ ਨੂਰਮਹਿਲ ਦੇ ਪਿੰਡ ਭੰਗਾਲਾ ਵਿਖੇ ਮੌਜੂਦ ਸਨ ਅਤੇ ਉਨਾਂ ਵਲੋਂ ਪ੍ਰੀ ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੇ ਮਾਡਲ ਦਾ ਜਾਇਜ਼ਾ ਲਿਆ ਗਿਆ। ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣ, ਸਮਾਜਿਕ ਦੂਰੀ ਅਤੇ ਹੱਥ ਧੋਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਕਰਫ਼ਿਊ ਲਗਾਇਆ ਅਤੇ ਇਹ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਬਹੁਤ ਸਫ਼ਲ ਰਿਹਾ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਾਰਚ ਵਿੱਚ 80 ਟੈਸਟ ਪ੍ਰਤੀ ਦਿਨ ਤੋਂ ਵਧਾ ਕੇ ਹੁਣ ਸਰਕਾਰੀ ਖੇਤਰ ਵਿੱਚ 6000 ਟੈਸਟ ਰੋਜ਼ਾਨਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਆਈ.ਸੀ.ਐਮ.ਆਰ. ਤੋਂ ਅਧਿਕਾਰਤ 16 ਨਿੱਜੀ ਲੈਬਾਂ ਕੋਵਿਡ-19 ਮਹਾਂਮਾਰੀ ਦੇ ਟੈਸਟ ਕਰਨ ਲਈ ਮੌਜੂਦ ਹਨ। ਸ੍ਰੀ ਬਾਜਵਾ ਨੇ ਦੱਸਿਆ ਕਿ ਪੰਜਾਬ ਵਿੱਚ 10 ਲੱਖ ਲੋਕਾਂ ਪਿਛੇ ਔਸਤ 8026 ਟੈਸਟ ਕੀਤੇ ਜਾ ਰਹੇ ਹਨ ਜਦਕਿ ਦੇਸ ਵਿੱਚ ਇਸ ਦੀ ਔਸਤ 10 ਲੱਖ ਲੋਕਾਂ ਪਿਛੇ 5160 ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਰਿਕਰਵੀ ਦਰ 69 ਪ੍ਰਤੀਸ਼ਤ ਹੈ ਜਦਕਿ ਦੇਸ ਵਿੱਚ 57 ਪ੍ਰਤੀਸ਼ਤ ਹੈ। ਸ੍ਰ.ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪਹਿਲਾਂ ਹੀ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਹੀ ‘ਮਿਸ਼ਨ ਫ਼ਤਿਹ’ ਦੇ ਰੂਪ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਦੌਰੇ ਦੌਰਾਨ ਸ੍ਰੀ ਬਾਜਵਾ ਵਲੋਂ ਸਿੰਚਾਈ ਦੇ ਉਦੇਸ਼ ਨਾਲ ਪਾਣੀ ਦੀ ਢੁਕਵੀਂ ਵਰਤੋਂ ਲਈ ਪ੍ਰੀ ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੀ ਕਾਰਜਪ੍ਰਣਾਲੀ ‘ਤੇ ਤਸਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੀ ਕਾਸਟ ਪੈਰਾਬੋਲਿਕ ਬਲਾਕ ਨੂੰ ਵਿਛਾਉਣ ‘ਤੇ ਆਉਣ ਵਾਲੀ ਕੀਮਤੀ ਰਵਾਇਤੀ ਪ੍ਰਣਾਲੀ ਤੋਂ ਬਹੁਤ ਘੱਟ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਉਪ ਮੰਡਲ ਮੈਜਿਸਟਰੇਟ ਫਿਲੌਰ ਵਿਨੀਤ ਕੁਮਾਰ, ਮੇਨੈਜਿੰਗ ਡਾਇਰੈਕਟਰ ਬਰਜਿੰਦਰ ਪਾਲ ਸਿੰਘ, ਸੁਪਰਡੰਟ ਇੰਜੀਨੀਅਰ ਸ਼ਮੀ ਸਿੰਗਲਾ ਅਤੇ ਹੋਰ ਵੀ ਹਾਜ਼ਰ ਸਨ।