Terror Alarm in Mumbai: ਮੁੰਬਈ ਦੇ ਹੋਟਲ ਤਾਜ ਨੂੰ ਉਡਾਣ ਦੀ ਧਮਕੀ ਦਿੱਤੀ ਗਈ ਹੈ । ਇਹ ਧਮਕੀ ਇੱਕ ਫੋਨ ਕਾਲ ‘ਤੇ ਦਿੱਤੀ ਗਈ ਹੈ । ਹੋਟਲ ਤਾਜ ਤੋਂ ਇਲਾਵਾ ਮੁੰਬਈ ਦੇ ਹੋਟਲ ਕੋਲਾਬਾ ਅਤੇ ਤਾਜ ਲੈਂਡਜ਼ ਐਂਡ ਨੂੰ ਵੀ ਇਹ ਧਮਕੀ ਭਰੀ ਕਾਲ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਕਾਲ ਬੀਤੀ ਰਾਤ 12.30 ਵਜੇ ਪਾਕਿਸਤਾਨ ਤੋਂ ਕੀਤੀ ਗਈ ਹੈ। ਧਮਕੀ ਤੋਂ ਬਾਅਦ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਰਅਸਲ, ਸੋਮਵਾਰ-ਮੰਗਲਵਾਰ ਰਾਤ 12.30 ਵਜੇ ਹੋਟਲ ਤਾਜ ਪੈਲੇਸ ਦੇ ਸਟਾਫ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ । ਫੋਨ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਹੋਟਲ ‘ਤੇ ਉਨ੍ਹਾਂ ਵੱਲੋਂ ਹਮਲਾ ਕੀਤਾ ਜਾਵੇਗਾ ਅਤੇ ਉਸ ਨੂੰ ਉਡਾ ਦਿੱਤਾ ਜਾਵੇਗਾ ਜਿਵੇਂ ਕਿ ਨਵੰਬਰ 2008 ਵਿੱਚ ਹੋਇਆ ਸੀ।
ਇਸ ਤੋਂ ਬਾਅਦ ਦੂਜਾ ਫੋਨ ਕਾਲ ਬਾਂਦਰਾ ਦੇ ਹੋਟਲ ਤਾਜ ਲੈਂਡਜ਼ ਐਂਡ ਵਿਖੇ ਕੀਤਾ ਗਿਆ । ਉਥੇ ਵੀ ਕਾਲ ਰੀਸੀਵ ਕਰਨ ਵਾਲੇ ਸਟਾਫ ਨੂੰ ਉਸੇ ਤਰੀਕੇ ਨਾਲ ਧਮਕੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਥਾਵਾਂ ‘ਤੇ ਇੱਕੋ ਨੰਬਰ ਤੋਂ ਫੋਨ ਆਇਆ, ਜੋ ਕਿ ਪਾਕਿਸਤਾਨ ਦਾ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੰਬਈ ਪੁਲਿਸ ਨੇ ਹੋਟਲ ਦੀ ਸੁਰੱਖਿਆ ਵਧਾ ਦਿੱਤੀ ਹੈ । ਸਾਈਬਲ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਦੂਰਸੰਚਾਰ ਵਿਭਾਗ ਤੋਂ ਮਦਦ ਵੀ ਮੰਗੀ ਜਾ ਰਹੀ ਹੈ ਤਾਂ ਜੋ ਫੋਨ ਕਰਨ ਵਾਲੇ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ ।
ਦੱਸ ਦੇਈਏ ਕਿ 26 ਨਵੰਬਰ 2008 ਨੂੰ ਮੁੰਬਈ ਦੇ ਤਾਜ ਹੋਟਲ ‘ਤੇ ਅੱਤਵਾਦੀ ਹਮਲਾ ਹੋਇਆ ਸੀ । ਇਹ ਹਮਲਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਕੀਤਾ ਸੀ, ਜੋ ਸਮੁੰਦਰੀ ਰਸਤੇ ਪਾਕਿਸਤਾਨ ਤੋਂ ਆਏ ਸਨ । ਇਸ ਅੱਤਵਾਦੀ ਹਮਲੇ ਵਿੱਚ 166 ਲੋਕ ਮਾਰੇ ਗਏ ਸਨ, ਜਦਕਿ ਹਮਲਾ ਕਰਨ ਵਾਲੇ ਅੱਤਵਾਦੀ ਵੀ ਮਾਰੇ ਗਏ ਸਨ । ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ , ਜਿਸਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਗਈ।