Captain made a big statement on Navjot : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਸਿਆਸਤ ਵਿਚ ਚਰਚਾਵਾਂ ਹੋ ਰਹੀਆਂ ਹਨ। ਕਦੇ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ ਤਾਂ ਕਦੇ ਕਾਂਗਰਸ ਸਰਕਾਰ ਵਿਚ ਉਪ ਮੁੱਖ ਮੰਤਰੀ ਬਣ ਕੇ ਉਨ੍ਹਾਂ ਦੀ ਵਾਪਸੀ ਦੀ ਚਰਚਾ ਹੋ ਚੱਲ ਰਹੀ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਬਿਆਨ ਦੇ ਕੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਇਥੇ ਹੀ ਰੋਕ ਲਗਾ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੂੰ ਇਕ ਵਾਰ ਫਿਰ ਨਕਾਰਦਿਆਂ ਕਿਹਾ ਹੈ ਕਿ ਸੂਬੇ ਦੀ ਸਿਆਸਤ ਉਸੇ ਢੰਗ ਨਾਲ ਚੱਲੇਗੀ ਜਿਸ ਢੰਗ ਨਾਲ ਉਹ ਚਾਹੁਣਗੇ। ਕੈਪਟਨ ਦੇ ਇਸ ਬਿਆਨ ਨਾਲ ਮੰਤਰੀ ਮੰਡਲ ਵਿਚ ਫੇਰਬਦਲ ਕਰਕੇ ਨਵਜੋਤ ਸਿੰਘ ਸਿੱਧੂ ਦੀਆਂ ਵਾਪਸੀ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਇਥੇ ਹੀ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਵਿਚ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਮੰਤਰੀ ਮੰਡਲ ਵਿਚ ਵੀ ਹੁਣ ਕੈਪਟਨ ਇਕ ਵੱਡਾ ਫੇਰਬਦਲ ਕਰ ਸਕਦੇ ਹਨ, ਜਿਸ ਵਿਚ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਕੇ ਉਨ੍ਹਾਂ ਦੀ ਕਾਂਗਰਸ ਸਰਕਾਰ ਵਿਚ ਵਾਪਸੀ ਹੋ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੁਸ਼ਕਲ ਵੇਲੇ ਵਿਚ ਉਨ੍ਹਾਂ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਚੰਗਾ ਕੰਮ ਕਰ ਰਹੇ ਹਨ ਤੇ ਇਸ ਸਮੇਂ ਮੰਤਰੀ ਮੰਡਲ ਵਿਚ ਫੇਰਬਦਲ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਹਾਮਾਰੀ ਖਿਲਾਫ ਲੜਾਈ ਲੜਨਾ ਹੀ ਉਨ੍ਹਾਂ ਦੀ ਪਹਿਲ ਹੈ। ਜੇਕਰ ਫੇਰਬਦਲ ਦੀ ਕੋਈ ਲੋੜ ਹੋਈ ਤਾਂ ਇਸ ’ਤੇ ਬਾਅਦ ਵਿਚ ਵਿਚਾਰ ਕੀਤਾ ਜਾਵੇਗਾ। ਨਵਜੋਤ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ, ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ’ਤੇ ਆਖਰੀ ਫੈਸਲਾ ਪਾਰਟੀ ਹਾਈਕਮਾਨ ਹੀ ਕਰੇਗਾ।