LPG cylinders rates increased: ਨਵੀਂ ਦਿੱਲੀ: ਜੁਲਾਈ ਮਹੀਨੇ ਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਬੁੱਧਵਾਰ ਯਾਨੀ ਕਿ ਅੱਜ ਲਗਾਤਾਰ ਦੂਜੇ ਮਹੀਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ । ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਗਈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਿਨ੍ਹਾਂ ਸਬਸਿਡੀ ਵਾਲਾ 14.2 ਕਿੱਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ 594 ਰੁਪਏ ਹੋ ਗਿਆ ਹੈ । ਇਸਦੀ ਕੀਮਤ ਵਿੱਚ ਸਿਰਫ 1 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਮੁੰਬਈ ਵਿੱਚ ਪ੍ਰਤੀ ਸਿਲੰਡਰ 3.50 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਇਸ ਤੋਂ ਪਹਿਲਾਂ ਜੂਨ ਵਿੱਚ ਇਸਦੀ ਕੀਮਤ 593 ਰੁਪਏ ਸੀ । ਰਸੋਈ ਗੈਸ ਦੇ ਮੁੱਲ ਲਗਾਤਾਰ ਦੂਜੇ ਮਹੀਨੇ ਵਧਾਏ ਗਏ ਹਨ ।ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਦਿੱਲੀ ਵਿੱਚ ਇਸ ਦੀ ਕੀਮਤ 11.50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ ।
ਇਸ ਤੋਂ ਇਲਾਵਾ ਕੋਲਕਾਤਾ ਵਿੱਚ ਇਸ ਦੀ ਕੀਮਤ 4.50 ਰੁਪਏ ਵੱਧ ਕੇ 620.50 ਰੁਪਏ, ਚੇਨੱਈ ਵਿੱਚ 4 ਰੁਪਏ ਵੱਧ ਕੇ 610.50 ਰੁਪਏ ਹੋ ਗਈ ਹੈ । ਹੋਟਲ, ਰੈਸਟੋਰੈਂਟ ਆਦਿ ਵਿਚ ਇਸਤੇਮਾਲ ਹੋਣ ਵਾਲਾ 19 ਕਿੱਲੋਗ੍ਰਾਮ ਦਾ ਵਪਾਰਕ ਸਿਲੰਡਰ ਦਿੱਲੀ ਵਿਚ 4 ਰੁਪਏ ਸਸਤਾ ਹੋਇਆ ਹੈ ਜਦੋਂਕਿ ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਇਸ ਦੇ ਮੁੱਲ ਵਧੇ ਹਨ । ਦਿੱਲੀ ਵਿੱਚ 19 ਕਿੱਲੋ ਵਾਲੇ LPG ਗੈਸ ਸਿਲੰਡਰ ਦੀ ਕੀਮਤ 1,139.50 ਰੁਪਏ ਤੋਂ ਘੱਟ ਕੇ 1,135.50 ਰੁਪਏ ਰਹਿ ਗਈ ਹੈ । ਉੱਥੇ ਹੀ ਮੁੰਬਈ ਵਿੱਚ 1197.50 ਰੁਪਏ ਤੋਂ ਘੱਟ ਕੇ 1193 ਰੁਪਏ ‘ਤੇ ਆ ਗਈ ਹੈ।