Indian Govt banned China : ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਚੀਨ ਦੀਆਂ ਬਣਾਈਆਂ ਹੋਈਆਂ ਐਪ ਬੈਨ ਕੀਤੇ ਜਾਣ ਦੇ ਦੂਸਰੇ ਦਿਨ ਚੀਨੀ ਕੰਪਨੀਆਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਹਾਈਵੇ ਪ੍ਰਾਜੈਕਟਸ ਤੋਂ ਵੀ ਚੀਨ ਦੀਆਂ ਕੰਪਨੀਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਭਾਰਤ ਅਤੇ ਚੀਨ ਦਰਮਿਆਨ ਸਰਹੱਦ ’ਤੇ ਜਾਰੀ ਤਣਾਅ ਦੇ ਮੱਦੇਨਜ਼ਰ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਨੇ ਇਸ ਬਾਰੇ ਦੱਸਿਆ ਕਿ ਭਾਰਤ ਦੇ ਹਾਈਵੇ ਪ੍ਰਾਜੈਕਟ ਵਿਚ ਚੀਨ ਦੀਆਂ ਕੰਪਨੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਜੇਕਰ ਉਹ ਕਿਸੇ ਭਾਰਤੀ ਜਾਂ ਫਿਰ ਹੋਰ ਕੰਪਨੀ ਦੇ ਨਾਲ ਜੁਆਇੰਟ ਵੈਂਚਰ ਬਣਾ ਕੇ ਵੀ ਬੋਲੀ ਲਗਾਉਂਦੀਆਂ ਹਨ ਤਾਂ ਵੀ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਚੀਨੀ ਨਿਵੇਸ਼ਕਾਂ ਨੂੰ ਸੂਖਮ, ਲਘੂ ਅਤੇ ਮੱਧਮ ਉੱਦਮੀਆਂ ਵਰਗੇ ਵੱਖ-ਵੱਖ ਖੇਤਰਾਂ ਵਿਚ ਵੀ ਨਿਵੇਸ਼ ਰੋਕੇ ਜਾਣ ਨੂੰ ਯਕੀਨੀ ਬਣਾਏਗੀ। ਉਥੇ ਅਸੀਂ ਸੜਕ ਨਿਰਮਾਣ ਲਈ ਚੀਨੀ ਹਿੱਸੇਦਾਰੀ ਵਾਲੇ ਸਾਂਝੇ ਉੱਦਮੀਆਂ ਨੂੰ ਇਜਾਜ਼ਤ ਨਹੀਂ ਦਿਆਂਗੇ। ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂਸਖਤ ਰੁਖ਼ ਅਪਣਾਇਆ ਹੈ ਕਿ ਜੇਕਰ ਚੀਨੀ ਕੰਪਨੀਆਂ ਸਾਂਝੇ ਉੱਦਮਾਂ ਰਾਹੀਂ ਆਉਂਦੀਆਂ ਹਨ ਤਾਂ ਵੀ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਨਾਲ ਜੁੜੀ ਨਵੀਂ ਨੀਤੀ ਆਏਗੀ, ਜਿਸ ਵਿਚ ਚੀਨੀ ਕੰਪਨੀਆਂ ’ਤੇ ਰੋਕ ਲਗਾਉਣ ਅਤੇ ਭਾਰਤੀ ਕੰਪਨੀਆਂ ਨੂੰ ਰਾਜਮਾਰਗ ਪ੍ਰਾਜੈਕਟਾਂ ਵਿਚ ਢਿੱਲ ਦੇਣ ਦੇ ਨਿਯਮ ਤੈਅ ਕੀਤੇ ਜਾਣਗੇ। ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਫੈਸਲਾ ਨਵੇਂ ਪ੍ਰਾਜੈਕਟਾਂ ’ਤੇ ਲਾਗੂ ਹੋਵੇਗਾ। ਇਸ ਸਮੇਂ ਚੀਨੀ ਕੰਪਨੀਆਂ ਵਾਲੇ ਬਹੁਤ ਸਾਰੇ ਅਜਿਹੇ ਪ੍ਰਾਜੈਕਟ ਚੱਲ ਰਹੇ ਹਨ ਜੋ ਕਿ ਬਹੁਤ ਪਹਿਲਾਂ ਦੇ ਸ਼ੁਰੂ ਕੀਤੇ ਗਏ ਸਨ।