SGPC to prosecute Khalistani : ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਫੜੇ ਗਏ ਦੋ ਖਾਲਿਸਤਾਨ ਨਾਲ ਸਬੰਧ ਰਖਣ ਵਾਲੇ ਵਿਅਕਤੀਆਂ ਦੀ ਕਾਨੂੰਨੀ ਪੈਰਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਜਾਂਚ ਅਸਲ ਵਿਚ ਕਿਸੇ ਖਾਲਿਸਤਾਨੀ ਸਰਗਰਮੀ ਵਿਚ ਸ਼ਾਮਲ ਹੋਣ ਬਾਰੇ ਪੂਰੀ ਤਰ੍ਹਾਂ ਤੋਂ ਜਾਂਚ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕਿਸੇ ਖਾਲਿਸਤਾਨੀ ਸਰਗਰਮੀ ‘ਚ ਸ਼ਾਮਲ ਹਨ ਜਾਂ ਉਨ੍ਹਾਂ ‘ਤੇ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।
ਜਥੇਦਾਰ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕੇਐਲਐਫ ਨਾਲ ਸਬੰਧਾਂ ਦੇ ਇਲਜ਼ਾਮ ‘ਚ ਅੱਤਵਾਦੀ ਦੱਸੇ ਫੜੇ ਨੌਜਵਾਨਾਂ ਬਾਰੇ ਐਸਜੀਪੀਸੀ ਵੱਲੋਂ ਆਪਣੇ ਪੱਧਰ ‘ਤੇ ਜਾਂਚ ਕਰੇਗੀ। ਜਥੇਦਾਰ ਦੇ ਹੁਕਮਾਂ ’ਤੇ ਹੁਣ ਐਸਜੀਪੀਸੀ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਖਾਲਿਸਤਾਨ ਨਾਲ ਸਬੰਧਤ ਦੱਸ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗੱਲ ਦਾ ਦਾਅਵਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਨੌਜਵਾਨਾਂ ’ਤੇ ਲੱਗੇ ਇਲਜ਼ਾਮ ਜੇਕਰ ਇਲਜ਼ਾਮ ਝੂਠੇ ਪਾਏ ਗਏ ਤਾਂ ਐਸਜੀਪੀਸੀ ਕਾਨੂੰਨੀ ਵਿਭਾਗ ਨਾਲ ਚਰਚਾ ਕਰਕੇ ਉਨ੍ਹਾਂ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ।
ਇਥੇ ਦੱਸ ਦੇਈਏ ਕਿ ਮੀਰੀ ਪੀਰੀ ਦਿਵਸ ਮੌਕੇ ਜਥੇਦਾਰ ਨੇ ਪੰਜਾਬ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਨੂੰ ਬੇਗੁਨਾਹ ਦੱਸਦਿਆਂ ਕਿਹਾ ਕਿ ਪੁਲਿਸ ਦਾ ਬੇਕਸੂਰੇ ਨੌਜਵਾਨਾਂ ’ਤੇ ਅੱਤਿਆਚਾਰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹਾ ਸੁਣਨ ਵਿਚ ਆਇਆ ਹੈ ਕਿ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਝੂਠੇ ਮਾਮਲਿਆਂ ‘ਚ ਫਸਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖਤ ਜਥੇਦਾਰ ਨੇ ਖਾਲਿਸਤਾਨ ਦੇ ਪੱਖ ਵਿਚ ਬਿਆਨ ਦਿੱਤਾ ਸੀ ਕਿ ‘ਖ਼ਾਲਿਸਤਾਨ ਦੀ ਮੰਗ ਜਾਇਜ਼ ਹੈ ਤੇ ਖਾਲਿਸਤਾਨ ਦੇ ਨਾਂ ‘ਤੇ ਸਿੱਖਾਂ ਨੂੰ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।’