stepfather beaten died ludhiana: ਲੁਧਿਆਣਾ ‘ਚ ਕਲਯੁੱਗੀ ਪੁੱਤਰਾਂ ਵੱਲੋਂ ਮਤਰੇਏ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੋਸ਼ੀ ਮੁੰਡਿਆਂ ਨੂੰ ਇਸ ਗੱਲ ਦੀ ਰੰਜ਼ਿਸ਼ ਸੀ ਕਿ ਉਨ੍ਹਾਂ ਦੀ ਮਾਂ ਆਪਣੇ ਪਹਿਲੇ ਪਤੀ ਕੋਲ ਵਾਪਿਸ ਚਲੀ ਗਈ ਸੀ। ਇਸ ਦੇ ਚੱਲਦਿਆਂ ਦੋਵਾਂ 2 ਨੌਜਵਾਨਾਂ ਨੇ ਪਿੰਡ ਤਲਵਾੜਾ ਸਥਿਤ ਗੁਰਦੁਆਰਾ ਸਾਹਿਬ ‘ਚ ਬਤੌਰ ਗ੍ਰੰਥੀ ਸੇਵਾ ਕਰ ਰਹੇ ਆਪਣੀ ਮਾਂ ਦੇ ਪਹਿਲੇ ਪਤੀ ਗੁਰਮੇਲ ਸਿੰਘ (55)ਦੀ ਕੁੱਟਮਾਰ ਕੀਤੀ। ਜ਼ਖਮੀ ਗੁਰਮੇਲ ਸਿੰਘ ਨੂੰ ਇਲਾਜ ਲਈ ਚੰਡੀਗੜ੍ਹ ਸਥਿਤ ਸੈਕਟਰ-32 ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਫਿਲਹਾਲ ਦੋਸ਼ੀ ਫਰਾਰ ਹਨ।
ਦੱਸਣਯੋਗ ਹੈ ਕਿ ਮ੍ਰਿਤਕ ਗੁਰਮੇਲ ਸਿੰਘ ਦਾ 30 ਸਾਲ ਪਹਿਲਾਂ ਸ਼ਿੰਦਰ ਕੌਰ ਨਾਲ ਵਿਆਹ ਹੋਇਆ ਸੀ, ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਵਿਆਹ ਤੋਂ 2 ਸਾਲ ਬਾਅਦ ਦੋਵਾਂ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਸ਼ਿੰਦਰ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਸੀ।ਦੂਜੇ ਵਿਆਹ ਤੋਂ ਸ਼ਿੰਦਰ ਕੌਰ ਦੇ ਕੋਲ 2 ਮੁੰਡੇ ਹੋਏ, ਜਿਨ੍ਹਾਂ ਦਾ ਨਾਂ ਜਸਪ੍ਰੀਤ ਅਤੇ ਜਸਦੀਪ ਸੀ। 7 ਸਾਲ ਪਹਿਲਾਂ ਸ਼ਿੰਦਰ ਕੌਰ ਦੇ ਦੂਜੇ ਪਤੀ ਦੀ ਮੌਤ ਹੋ ਗਈ ਸੀ ਅਤੇ ਕੁੱਝ ਮਹੀਨੇ ਪਹਿਲਾਂ ਤੋਂ ਸ਼ਿੰਦਰ ਕੌਰ ਫਿਰ ਤੋਂ ਆਪਣੇ ਪਹਿਲੇ ਪਤੀ ਗੁਰਮੇਲ ਸਿੰਘ ਨਾਲ ਰਹਿਣ ਲੱਗ ਪਈ। ਜਦੋਂ ਇਹ ਗੱਲ ਸ਼ਿੰਦਰ ਕੌਰ ਦੇ ਮੁੰਡਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਬਰਦਾਸ਼ਤ ਨਹੀਂ ਕੀਤੀ। ਇਸ ਰੰਜ਼ਿਸ਼ ਦੇ ਚੱਲਦਿਆਂ ਦੋਵਾਂ ਮੁੰਡਿਆਂ ਜਸਪ੍ਰੀਤ ਅਤੇ ਜਸਦੀਪ ਬੀਤੀ 29 ਜੂਨ ਨੂੰ ਗੁਰਦੁਆਰਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰਮੇਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਵੇਂ ਦੋਸ਼ੀ ਫਰਾਰ ਹੋ ਗਏ।