Amritsar Jora Phatak accident : ਅੰਮ੍ਰਿਤਸਰ ਵਿਚ ਦੋ ਸਾਲ ਪਹਿਲਾਂ ਦੁਸਹਿਰੇ ਮੌਕੇ ਵਾਪਰੇ ਹਾਦਸੇ ਬਾਰੇ ਸੋਚ ਕੇ ਅੱਜ ਵੀ ਰੂਹ ਕੰਬ ਉਠਦੀ ਹੈ। ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਸਾੜ੍ਹਣ ਵੇਲੇ ਉਸ ਸਮੇਂ ਪੱਟੜੀ ’ਤੇ ਖੜ੍ਹੇ ਦੁਸਹਿਰਾ ਦੇਖਣ ਆਏ ਲੋਕ ਜੋੜਾ ਫਾਟਕ ਤੋਂ ਅਚਨਚੇਤ ਲੰਘੀ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਸਨ। ਇਸ ਮਾਮਲੇ ਵਿਚ ਨਗਰ ਨਿਗਮ ਦੇ ਚਾਰ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਸੇਵਾਮੁਕਤ ਜੱਜ ਅਮਰਜੀਤ ਸਿੰਘ ਕਟਾਰੀ ਵੱਲੋਂ ਦੀ ਅਗਵਾਈ ਵਿੱਚ ਹੋਈ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਹੈ। ਜਿਸ ਵਿਚ ਸੁਸ਼ਾਂਤ ਭਾਟੀਆ , ਪੁਸ਼ਪਿੰਦਰ ਸਿੰਘ , ਕੇਵਲ ਸਿੰਘ , ਗਿਰੀਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਅਕਤੂਬਰ 2018 ਨੂੰ ਦੁਸਹਿਰੇ ਵਾਲੇ ਦਿਨ ਸ਼ਾਮ ਦੇ ਲਗਭਗ 6.30 ਵਜੇ ਜੋੜੇ ਫਾਟਕ ਕੋਲ ਦਰਦਨਾਕ ਹਾਦਸਾ ਵਾਪਰਿਆ ਜਿਥੇ ਰਾਵਣ ਦਾ ਪੁਤਲਾ ਸਾੜ੍ਹਣ ਮੌਕੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ ਅਤੇ ਕੁਝ ਲੋਕ ਹਰ ਸਾਲ ਦੀ ਤਰ੍ਹਾਂ ਫਾਟਕ ਦੀ ਰੇਲ ਪਟੜੀ ’ਤੇ ਖੜ੍ਹੇ ਹੋ ਕੇ ਇਹ ਪ੍ਰੋਗਰਾਮ ਦੇਖ ਰਹੇ ਸਨ। ਇਸ ਮੌਕੇ ਡਾਕਟਰ ਨਵਜੋਤ ਕੌਰ ਸਿੱਧੂ ਮੰਚ ‘ਤੇ ਮੌਜੂਦ ਸਨ। ਇਸੇ ਦੌਰਾਨ ਅਚਾਨਕ ਰੇਲ ਪਟੜੀ ਤੋਂ ਲੰਘੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਲਗਭਗ 59 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਸੀ।