Nepal PM KP Sharma Oli: ਨੇਪਾਲ ਵਿੱਚ ਰਾਜਨੀਤਿਕ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਅੱਜ ਹੋਣ ਵਾਲੀ ਨੇਪਾਲ ਕਮਿਊਨਿਸਟ ਪਾਰਟੀ ਦੀ ਸਥਾਈ ਕਮੇਟੀ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਨੇਪਾਲ ਕਮਿਊਨਿਸਟ ਪਾਰਟੀ ਦੇ ਨੇਤਾ ਪੁਸ਼ਪ ਕਮਲ ਦਹਲ ”ਪ੍ਰਚੰਡ” ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਮਿਲਣ ਲਈ ਨਹੀਂ ਪਹੁੰਚੇ ਹਨ । ਇਸਦੇ ਨਾਲ ਨੇਪਾਲ ਕਮਿਊਨਿਸਟ ਪਾਰਟੀ ਬਟਵਾਰੇ ਵੱਲ ਵਧਦੀ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫ਼ਾ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ।
ਦਰਅਸਲ, ਸ਼ੁੱਕਰਵਾਰ ਨੂੰ ਪ੍ਰਚੰਡ ਅਤੇ ਓਲੀ ਵਿਚਾਲੇ ਤਿੰਨ ਘੰਟੇ ਬੈਠਕ ਹੋਈ ਸੀ, ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ । ਪ੍ਰਧਾਨ ਮੰਤਰੀ ਅਤੇ ਪ੍ਰਚੰਡ ਵਿਚਾਲੇ ਅੱਜ ਸਵੇਰੇ 9 ਵਜੇ ਬੈਠਕ ਹੋਣੀ ਸੀ। ਇਸ ਤੋਂ ਬਾਅਦ ਪਾਰਟੀ ਦੀ ਸਥਾਈ ਕਮੇਟੀ ਦੀ ਮੀਟਿੰਗ ਸਵੇਰੇ 11 ਵਜੇ ਹੋਣੀ ਸੀ । ਹੁਣ ਇਹ ਬੈਠਕ ਸੋਮਵਾਰ 6 ਜੁਲਾਈ ਨੂੰ ਹੋਵੇਗੀ ।
ਦੱਸ ਦੇਈਏ ਕਿ ਮੌਜੂਦਾ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੋਵੇਂ ਨੇਪਾਲ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ। ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦਾ ਧੜਾ ਚਾਹੁੰਦਾ ਹੈ ਕਿ ਕੇਪੀ ਸ਼ਰਮਾ ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਪਾਰਟੀ ਨੂੰ ਆਪਣੇ ਤਰੀਕੇ ਨਾਲ ਚੱਲਣ ਦੇਵੇ । ਪਰ ਕੇਪੀ ਸ਼ਰਮਾ ਓਲੀ ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ। ਪ੍ਰਚੰਡ ਨੇ ਕਈ ਵਾਰ ਕਿਹਾ ਹੈ ਕਿ ਸਰਕਾਰ ਅਤੇ ਪਾਰਟੀ ਵਿਚਾਲੇ ਤਾਲਮੇਲ ਦੀ ਘਾਟ ਹੈ। ਨਾਲ ਹੀ, ਉਹ ਐੱਨਸੀਪੀ ਵੱਲੋਂ ‘ਇੱਕ ਵਿਅਕਤੀ ਇੱਕ ਅਹੁਦਾ’ ਪ੍ਰਣਾਲੀ ਦੀ ਪਾਲਣਾ ਕਰਨ ‘ਤੇ ਜ਼ੋਰ ਦੇ ਰਹੇ ਹਨ ।