WHO says first alerted: ਜੇਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਸੰਕਟ ਦੇ ਸ਼ੁਰੂਆਤੀ ਪੜਾਅ ਸਬੰਧੀ ਜਾਣਕਾਰੀ ਨੂੰ ਅਪਡੇਟ ਕੀਤਾ ਹੈ। WHO ਨੇ ਕਿਹਾ ਕਿ ਵੁਹਾਨ ਵਿੱਚ ਨਿਮੋਨੀਆ ਦੇ ਮਾਮਲਿਆਂ ਬਾਰੇ ਚੇਤਾਵਨੀ ਚੀਨ ਨੇ ਨਹੀਂ ਬਲਕਿ ਚੀਨ ਵਿੱਚ ਸਥਿਤ WHO ਦੇ ਦਫਤਰ ਤੋਂ ਦਿੱਤੀ ਗਈ ਸੀ । WHO ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ । ਟਰੰਪ ਨੇ WHO ‘ਤੇ ਮਹਾਂਮਾਰੀ ਨੂੰ ਰੋਕਣ ਲਈ ਲੋੜੀਂਦੀ ਜਾਣਕਾਰੀ ਦੇਣ ਵਿੱਚ ਨਾਕਾਮ ਰਹਿਣ ਅਤੇ ਚੀਨ ਪ੍ਰਤੀ ਨਰਮ ਰਵਈਆ ਅਪਨਾਉਣ ਦੇ ਦੋਸ਼ ਲਗਾਏ ਸਨ ।
ਵਿਸ਼ਵ ਸਿਹਤ ਸੰਗਠਨ ਵੱਲੋਂ 9 ਅਪ੍ਰੈਲ ਨੂੰ ਮਹਾਂਮਾਰੀ ਪ੍ਰਤੀ ਸ਼ੁਰੂਆਤੀ ਕਦਮਾਂ ਦੀ ਅਲੋਚਨਾ ਹੋਣ ਤੋਂ ਬਾਅਦ ਸ਼ੁਰੂਆਤੀ ਸਮਾਂ ਰੇਖਾ ਜਾਰੀ ਕੀਤੀ ਗਈ ਸੀ। ਇਸ ਘਟਨਾਕ੍ਰਮ ਵਿੱਚ WHO ਨੇ ਸਿਰਫ ਇਹ ਕਿਹਾ ਸੀ ਕਿ ਹੁਬੇਬੀ ਪ੍ਰਾਂਤ ਦੇ ਵੁਹਾਨ ਮਿਊਂਸੀਪਲ ਹੈਲਥ ਕਮਿਸ਼ਨ ਨੇ 31 ਦਸੰਬਰ ਨੂੰ ਨਿਮੋਨੀਆ ਦੇ ਕੇਸ ਦਰਜ ਕੀਤੇ ਸਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਜਾਣਕਾਰੀ ਚੀਨੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ ਜਾਂ ਕਿਸੇ ਹੋਰ ਸਰੋਤ ਤੋਂ ਮਿਲੀ ਹੈ ।
ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਹਫ਼ਤੇ ਜਾਰੀ ਕੀਤੀ ਗਈ ਨਵੀਂ ਕਰੋਨੋਲਾਜੀ ਵਿੱਚ ਵਧੇਰੇ ਜਾਣਕਾਰੀ ਦਿੱਤੀ ਗਈ ਹੈ। ਇਹ ਸੰਕੇਤ ਦਿੰਦਾ ਹੈ ਕਿ ਇਹ ਚੀਨ ਵਿੱਚ ਸਥਿਤ WHO ਦਫਤਰ ਸੀ ਜਿਸ ਨੇ 31 ਦਸੰਬਰ ਨੂੰ ‘ਵਾਇਰਲ ਨਿਮੋਨੀਆ’ ਦੇ ਮਾਮਲੇ ਨੂੰ ਸੂਚਿਤ ਕੀਤਾ ਸੀ। ਉਸੇ ਦਿਨ WHO ਦੀ ਮਹਾਂਮਾਰੀ ਜਾਣਕਾਰੀ ਸੇਵਾਵਾਂ ਨੇ ਅਮਰੀਕਾ ਦੇ ਅੰਤਰਰਾਸ਼ਟਰੀ ਮਹਾਂਮਾਰੀ ਨਿਗਰਾਨੀ ਨੈਟਵਰਕ ਦੁਆਰਾ ਪੇਸ਼ ਕੀਤੀ ਗਈ ਇੱਕ ਰਿਪੋਰਟ ਦਾ ਨੋਟਿਸ ਲਿਆ ਸੀ, ਜਿਸ ਵਿੱਚ ਵੁਹਾਨ ਵਿੱਚ ਅਣਪਛਾਤੇ ਕਾਰਨਾਂ ਕਰਕੇ ਨਿਮੋਨੀਆ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ, WHO ਨੇ 1 ਜਨਵਰੀ ਅਤੇ 2 ਜਨਵਰੀ ਨੂੰ ਇਨ੍ਹਾਂ ਮੌਕਿਆਂ ‘ਤੇ ਚੀਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਸੀ, ਜੋ ਉਨ੍ਹਾਂ ਨੂੰ 3 ਜਨਵਰੀ ਨੂੰ ਦਿੱਤੀ ਗਈ ਸੀ।