Transfers of Probationary Sub Inspectors: ਚੰਡੀਗੜ੍ਹ : ਡੀ ਜੀ ਪੀ ਪੰਜਾਬ ਪੁਲਿਸ ਦੇ ਵਲੋਂ ਅੱਜ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਆਪਣੇ ਜੱਦੀ ਜ਼ਿਲਿਆਂ ਵਿੱਚ ਤਾਇਨਾਤ ਪ੍ਰੋਬੇਸ਼ਨਰੀ ਸਬ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਜਾਣਗੇ। ਮੌਜੂਦਾ ਸਮੇਂ ਕੁੱਲ 330 ਪ੍ਰੋਬੇਸ਼ਨਰ ਸਬ ਇੰਸਪੈਕਟਰ ਹਨ, ਜੋ ਆਪਣੇ ਜੱਦੀ ਜ਼ਿਲਿਆਂ ਵਿੱਚ ਤਾਇਨਾਤ ਹਨ। ਪੰਜਾਬ ਪੁਲਿਸ ਦੇ ਰੂਲਜ਼ 1934 ਦੇ ਰੂਲ 14.47 ਅਨੁਸਾਰ ਇੰਸਪੈਕਟਰਜ਼ ਅਤੇ ਐਸ ਆਈਜ਼ ਨੂੰ ਉਨ੍ਹਾਂ ਦੇ ਜੱਦੀ ਜ਼ਿਲਿਆਂ ਵਿੱਚ ਤਾਇਨਾਤ ਨਹੀਂ ਕੀਤਾ ਜਾ ਸਕਦਾ ਹੈ।
ਇਸ ਰੂਲ ਦੇ ਅਨੁਸਾਰ ਹੀ ਹੁਣ ਆਪਣੇ ਜੱਦੀ ਜ਼ਿਲਿਆਂ ਵਿੱਚ ਤਾਇਨਾਤ ਪ੍ਰੋਬੇਸ਼ਨਰੀ ਸਬ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਜਾਣਗੇ। ਬਾਰਡਰ ਰੇਂਜ/ਕਮਿਸ਼ਨਰੇਟ ਅੰਮ੍ਰਿਤਸਰ, ਜਲੰਧਰ ਰੇਂਜ/ਕਮਿਸ਼ਨਰੇਟ ਜਲੰਧਰ ਅਤੇ ਲੁਧਿਆਣਾ ਰੇਂਜ ਕਮਿਸ਼ਨਰੇਟ ਨੂੰ ਇਕੱਠਾ ਮੰਨ ਕੇ ਆਪਸੀ ਤਾਲਮੇਲ ਨਾਲ ਬਦਲੀਆਂ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਹੁਕਮਾਂ ਤੋਂ ਇਲਾਵਾਂ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਕੇ ਅੱਗੇ ਤੋਂ ਜੇਕਰ ਕਿਸੇ ਰੇਂਜ/ਕਮਿਸ਼ਨਰੇਟ ਦਫਤਰ ਵੱਲੋਂ ਕਿਸੇ ਪ੍ਰੋਬੇਸ਼ਨਰ ਐਸ ਆਈ ਨੂੰ ਉਸ ਦੇ ਜੱਦੀ ਜ਼ਿਲੇ ਵਿੱਚ ਤਾਇਨਾਤ ਕੀਤਾ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਸਬੰਧਿਤ ਰੇਂਜ/ਕਮਿਸ਼ਨਰੇਟ ਦੇ ਮੁਖੀ ਦੀ ਹੋਵੇਗੀ।