praveen tambe associated with trinbago: ਸੇਂਟ ਜੋਨਸ: ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਵੱਧ ਉਮਰ ਦੇ ਲੈੱਗ ਸਪਿਨਰ ਪ੍ਰਵੀਨ ਤਾਂਬੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣਨ ਜਾ ਰਹੇ ਹਨ। ਤਾਂਬੇ ਨੂੰ ਟ੍ਰਿਨਬਾਗੋ ਫ੍ਰੈਂਚਾਈਜ਼ ਦੁਆਰਾ ਆਨਲਾਈਨ ਨਿਲਾਮੀ ਵਿੱਚ ਆਪਣੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਂਬੇ ਆਈਪੀਐਲ 2020 ਦੀ ਨਿਲਾਮੀ ਵਿੱਚ ਵੀ ਵਿਕਿਆ ਸੀ, ਪਰ ਸਾਲ 2018 ਵਿੱਚ ਸੰਨਿਆਸ ਲੈਣ ਤੋਂ ਬਾਅਦ ਟੀ -10 ਲੀਗ ਵਿੱਚ ਹਿੱਸਾ ਲੈਣ ਕਾਰਨ ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਉਨ੍ਹਾਂ ਦੇ ਆਈਪੀਐਲ ਵਿੱਚ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਸੀ। 48 ਸਾਲਾ ਤਾਂਬੇ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼, ਗੁਜਰਾਤ ਲਾਇਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਚੁੱਕੇ ਹਨ। ਟ੍ਰਿਨਬਾਗੋ ਨੇ ਆਸਟ੍ਰੇਲੀਆ ਦੇ ਲੈੱਗ ਸਪਿਨਰ ਫਵਾਦ ਅਹਿਮਦ ਨਾਲ ਵੀ ਕਰਾਰ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਫ੍ਰੈਂਚਾਇਜ਼ੀ ਨੇ ਨਿਊਜ਼ੀਲੈਂਡ ਦੇ ਟਿਮ ਸਿਫ਼ਰਟ ਅਤੇ ਜ਼ਿੰਬਾਬਵੇ ਦੇ ਅਲੈਗਜ਼ੈਂਡਰ ਰਜ਼ਾ ਨਾਲ ਵੀ ਕਰਾਰ ਕੀਤਾ ਹੈ। ਤਾਂਬੇ ਨੇ ਆਈਪੀਐਲ 2014 ‘ਚ ਕੋਲਕਾਤਾ ਵਿਰੁੱਧ ਦੋ ਗੇਂਦਾਂ ਵਿੱਚ ਹੈਟ੍ਰਿਕ ਲੈਣ ਦਾ ਵਿਲੱਖਣ ਰਿਕਾਰਡ ਬਣਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਟੀ -20 ‘ਚ ਸਿਰਫ ਦੋ ਗੇਂਦਬਾਜ਼ਾਂ ਨੇ ਹੀ ਇਹ ਕਾਰਨਾਮਾ ਕੀਤਾ ਹੈ। ਸ੍ਰੀਲੰਕਾ ਦੇ ਈਸੁਰੂ ਉਦਾਨਾ ਨੇ 2010 ‘ਚ ਚੈਂਪੀਅਨ ਲੀਗ ਵਿੱਚ ਤਾਂਬੇ ਤੋਂ ਪਹਿਲਾਂ ਇਹ ਕਾਰਨਾਮਾ ਹਾਸਿਲ ਕੀਤਾ ਸੀ। KKR ਦੇ ਵਿਰੁੱਧ, ਤਾਂਬੇ ਨੇ ਪਹਿਲਾਂ ਮਨੀਸ਼ ਪਾਂਡੇ ਨੂੰ ਸਟੰਪ ਕੀਤਾ, ਪਰ ਗੇਂਦ ਨੂੰ ਵਾਈਡ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਤਾਂਬੇ ਨੇ ਅਗਲੀਆਂ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ। ਇਸ ਤਰ੍ਹਾਂ, ਤਾਂਬੇ ਨੇ ਸਿਰਫ ਦੋ ਗੇਂਦਾਂ ‘ਚ ਹੀ ਹੈਟ੍ਰਿਕ ਪੂਰੀ ਕੀਤੀ ਸੀ। ਤਾਂਬੇ IPL 2013 ਵਿੱਚ ਪਹਿਲੀ ਵਾਰ ਇਸ ਲੀਗ ਦਾ ਹਿੱਸਾ ਬਣਿਆ ਸੀ। ਹਾਲਾਂਕਿ, ਤਾਂਬੇ ਨੇ ਇਸ ਲੀਗ ‘ਚ ਆਪਣਾ ਆਖਰੀ ਮੈਚ 2016 ਵਿੱਚ ਖੇਡਿਆ ਸੀ। ਤਾਂਬੇ ਨੇ ਆਈਪੀਐਲ ਦੇ 33 ਮੈਚਾਂ ‘ਚ 28 ਵਿਕਟਾਂ ਹਾਸਿਲ ਕੀਤੀਆਂ ਹਨ।