New list of containment : ਜਲੰਧਰ ਵਿਚ ਕੋਰੋਨਾ ਵਾਇਰਸ ਦੇ ਵਧ ਮਾਮਲਿਆਂ ਦੇ ਚੱਲਦਿਆਂ ਕੁਝ ਇਲਾਕਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਕੰਟੇਨਮੈਂਟ, ਮਾਈਕ੍ਰੋ ਕੰਟੇਨਮੈਂਟ ਤੇ ਬਫਰ ਜ਼ੋਨ ਦੀ ਸੂਚੀ ਵਿਚ ਰਖਿਆ ਗਿਆ ਹੈ, ਜਿਸ ਵਿਚ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਲਗਾਤਾਰ ਸੋਧ ਕੀਤੀ ਜਾ ਰਹੀ ਹੈ, ਜਿਸ ਦੀ ਨਵੀਂ ਸੂਚੀ ਅੱਜ ਜ਼ਿਲਾ ਮੈਜਿਸਟ੍ਰੇਟ ਘਣਸ਼ਾਇਮ ਥੋਰੀ ਵੱਲੋਂ ਜਾਰੀ ਕੀਤੀ ਗਈ, ਜਿਸ ਮੁਤਾਬਕ ਹੁਣ ਪੰਜ-ਪੰਜ ਕੋਰੋਨਾ ਮਰੀਜ਼ਾਂ ਵਾਲੇ ਕਰਤਾਰਪੁਰ ਦੇ ਅਮਰ ਨਗਰ ਤੇ ਰੋਜ਼ਪਾਰਕ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਰਖਿਆ ਗਿਆ ਹੈ। ਉਥੇ ਹੀ ਸ਼ਹਿਰੀ ਖੇਤਰ ਵਿਚ ਦਸ ਮਰੀਜ਼ਾਂ ਵਾਲੇ ਰਾਮ ਨਗਰ ਇੰਡਸਟ੍ਰੀਅਲ ਏਰੀਆ, ਪੰਜ ਕੇਸ ਵਾਲੇ ਸੰਤ ਨਗਰ, ਛੇ ਮਰੀਜ਼ ਵਾਲੇ ਲੰਮਾ ਪਿੰਡ ਨੇੜੇ ਗੁਰਦੁਆਰਾ ਦੁਖ ਨਿਵਾਰਣ, ਪੰਜ ਕੇਸ ਵਾਲੇ ਉੱਚਾ ਸੁਰਾਜਗੰਜ ਤੇ ਅੱਠ ਮਰੀਜ਼ਾਂ ਵਾਲੇ ਸੰਜੇ ਗਾਂਧੀ ਨਗਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਰਖਿਆ ਗਿਆ ਹੈ।
ਇਸ ਸੂਚੀ ਵਿਚ ਹੁਣ ਤੱਕ ਸ਼ਾਮਲ ਸੈਨਿਕ ਵਿਹਾਰ ਜਮਸ਼ੇਰ, ਬਾਂਸਾ ਵਾਲਾ ਬਾਜ਼ਾਰ ਸ਼ਾਹਕੋਟ, ਸਿਧਾਰਥ ਨਗਰ, ਉਪਕਾਰ ਨਗਰ, ਪੁਰਾਣਾ ਸੰਤੋਖਪੁਰਾ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਹੈ। ਸ਼ਹਿਰ ਵਿਚ 16-16 ਕੋਰੋਨਾ ਮਰੀਜ਼ ਵਾਲੇ ਬੱਬੂ ਬਾਬੇ ਵਾਲੀ ਗਲੀ, ਭਾਰਗਵ ਕੈੰਪ ਤੇ ਫਤਿਹਪੁਰੀ ਕਿਸ਼ਨਪੁਰਾ ਅਤੇ ਵੀਹ ਕੇਸਾਂ ਵਾਲੇ ਮਖਦੂਮਪੁਰਾ ਨੂੰ ਹੁਣ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਦੀ ਸੂਚੀ ਨਾਲ ਹੁਣ ਸਰਵਹਿਤਕਾਰੀ ਵਿੱਦਿਆ ਧਾਮ, ਸੂਰਿਆ ਐਨਕਲੇਵ ਬਾਹਰ ਹੋ ਗਏ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਇਲਾਕਿਆਂ ਵਿਚ ਰੋਜ਼ਾਨਾ ਤਿੰਨ ਵਾਰ ਜਾਂਚ ਕੀਤੀ ਜਾਵੇਗੀ ਅਤੇ ਸੈਂਪਲਿੰਗ ਤੇ ਕਰਫਿਊ ਵਰਗੀ ਸਖਤੀ ਲਾਗੂ ਕਰਨ ਲਈ ਸਿਵਲ, ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾ ਕੇ ਡਿਊਟੀ ਲਗਾ ਦਿੱਤੀ ਗਈ ਹੈ।