Reward on gangster Vikas Dubey: ਲਖਨਊ: ਕਾਨਪੁਰ ਸ਼ੂਟਆਊਟ ਵਿੱਚ 8 ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਮਾਮਲੇ ਵਿੱਚ ਫਰਾਰ ਚੱਲ ਰਹੇ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੁਬੇ ‘ਤੇ ਹੁਣ ਇਨਾਮ ਦੀ ਰਕਮ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਉਸ ‘ਤੇ ਢਾਈ ਲੱਖ ਦਾ ਇਨਾਮ ਐਲਾਨਿਆ ਗਿਆ ਸੀ । ਇਨਾਮੀ ਰਾਸ਼ੀ ਦੇ ਅਧਾਰ ‘ਤੇ ਉਹ ਹੁਣ ਯੂਪੀ ਦਾ ਸਭ ਤੋਂ ਵੱਡਾ ਅਪਰਾਧੀ ਬਣ ਗਿਆ ਹੈ । ਵਿਕਾਸ ਦੂਬੇ ਤੋਂ ਬਾਅਦ ਮੇਰਠ ਦੇ ਬਦਰ ਸਿੰਘ ਬੱਦੋ ਅਤੇ ਐਨਆਈਏ ਅਧਿਕਾਰੀ ਤੰਜੀਲ ਅਹਿਮਦ ਕਤਲ ਕਾਂਡ ਵਿੱਚ ਸ਼ਾਮਿਲ ਨਿਸ਼ਾਨੇਬਾਜ਼ ਆਸ਼ੂਤੋਸ਼ ਦਾ ਨਾਮ ਹੈ, ਜਿਸ ‘ਤੇ 2.5 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡਾਕੂ ਬਾਬੂਲੀ ਕੋਲ ‘ਤੇ ਵੀ ਪੰਜ ਲੱਖ ਦਾ ਇਨਾਮ ਐਲਾਨਿਆ ਗਿਆ ਸੀ।
ਦਰਅਸਲ, ਕਤਲ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਹੇ ਅਪਰਾਧੀ ਵਿਕਾਸ ਦੂਬੇ ‘ਤੇ ਇਨਾਮ ਦੀ ਰਕਮ ਚੌਥੀ ਵਾਰ ਵਧਾਈ ਗਈ ਹੈ। ਪਹਿਲਾਂ 50 ਹਜ਼ਾਰ, ਫਿਰ ਇੱਕ ਲੱਖ, ਫਿਰ ਢਾਈ ਲੱਖ ਅਤੇ ਹੁਣ ਇਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਮਿਲੇਗਾ । ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗ੍ਰਿਫਤਾਰੀ ਵਿੱਚ ਦੇਰੀ ਕਾਰਨ ਬਹੁਤ ਨਾਰਾਜ਼ ਹਨ । ਜਿਸ ਕਾਰਨ ਸਰਕਾਰ ਵੱਲੋਂ ਇਨਾਮ ਦੀ ਰਕਮ ਵਧਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਘਟਨਾ ਤੋਂ ਪੰਜ ਦਿਨ ਬਾਅਦ ਹੀ ਪੁਲਿਸ ਅਤੇ ਐਸਟੀਐਫ ਦੀਆਂ ਕਈ ਟੀਮਾਂ ਉਸ ਦੀ ਗ੍ਰਿਫਤਾਰੀ ਲਈ ਜ਼ੋਰ ਪਾ ਰਹੀਆਂ ਹਨ, ਪਰ ਉਹ ਅਜੇ ਤੱਕ ਹੱਥ ਨਹੀਂ ਲੱਗਿਆ ਹੈ। ਬਾਈਕ ਅਤੇ ਨਿੱਜੀ ਵਾਹਨਾਂ ਰਾਹੀਂ ਉਹ ਲਗਾਤਾਰ ਆਪਣੀ ਸਥਿਤੀ ਬਦਲ ਰਿਹਾ ਹੈ। ਮੰਗਲਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਉਸ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਹੁਣ ਉਸ ਦੇ ਦਿੱਲੀ ਅਤੇ ਐਨਸੀਆਰ ਵਿੱਚ ਲੁਕਣ ਦਾ ਖਦਸ਼ਾ ਹੈ । ਇਸ ਲਈ ਹਰਿਆਣਾ, ਦਿੱਲੀ ਅਤੇ ਐਨਸੀਆਰ ਦੇ ਸਰਹੱਦੀ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ । ਇਸ ਦੌਰਾਨ ਹਰਿਆਣਾ ਪੁਲਿਸ ਨੇ ਉਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਪ੍ਰਭਾਤ ਉਰਫ ਕਾਰਤਿਕੀਆ ਹੈ ਜੋ ਉਸ ਦਿਨ ਵਿਕਰੂ ਪਿੰਡ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਿਲ ਸੀ । ਉਸ ਕੋਲੋਂ ਪੁਲਿਸ ਤੋਂ ਖੋਹੀ ਹੋਈ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ।