NIT builds multipurpose : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਡਾ. ਬੀਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਜਲੰਧਰ ਵੱਲੋਂ ਸੈਨੇਟਾਈਜ਼ ਕਰਨ ਲਈ ਮਲਟੀਪਰਪਸ ਟਾਈਮਰ-ਫਿਟੇਡ ਸੈਨੀਟਾਈਜ਼ਿੰਗ ਕੇਬਿਨ ਦੀ ਕਾਢ ਕੱਢੀ ਗਈ ਹੈ, ਜੋਕਿ ਪੈਕਡ ਫੂਡ, ਕਾਗਜ਼ਾਂ, ਇਸਤੇਮਾਲ ਕੀਤੇ ਜਾ ਚੁੱਕੇ ਮਾਸਕਾਂ ਤੇ ਦਸਤਾਨਿਆਂ, ਚਾਬੀਆਂ ਦੇ ਨਾਲ-ਨਾਲ ਕਰੰਸੀ ਨੋਟਾਂ ਤੇ ਕ੍ਰੈਡਿਟ ਕਾਰਡਾਂ ਨੂੰ ਵੀ ਵਾਇਰਸ ਤੇ ਰੋਗਾਣੂਆਂ ਤੋਂ ਮੁਕਤ ਕਰੇਗਾ। ਕੋਰੋਨਾ ਮਹਾਮਾਰੀ ਦੇ ਦੌਰਾਨ ਇਸ ਸੰਸਥਾ ਵੱਲੋਂ ਸਾਲ ਵਿਚ ਕੀਤੀਆਂ ਗਈਆਂ 10 ਖੋਜਾਂ ਵਿਚੋਂ ਇਹ ਚੌਥੀ ਖੋਜ ਹੈ, ਜਿਸ ਨਾਲ ਬੈਕਟੀਰੀਆ, ਵਾਇਰਸਾਂ ਤੇ ਫਫੂੰਦ ਤੋਂ ਖੁਦ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਇਸ ਉਪਕਰਨ ਨੂੰ ਐਨਆਈਟੀ ਦੇ ਡਾਇਰੈਕਟਰ ਡਾ. ਐਲ. ਕੇ. ਅਵਸਥੀ ਤੇ ਇਨਸਟਰੂਮੈਂਟੇਸ਼ਨ ਐਂਡ ਕੰਟਰੋਲ ਇੰਜੀਨੀਅਰਿੰਗ ਪ੍ਰੋਫੈਸਰ ਕੁਲਦੀਪ ਸਿੰਘ ਨਗਲਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦਾ ਇਸਤੇਮਾਲ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਚੀਜ਼ਾਂ ਸਾਰੇ ਕੋਨਿਆਂ ਤੋਂ ਰੋਗਾਣੂ ਮੁਕਤ ਹੋ ਜਾਂਦੀਆਂ ਹਨ। ਇਸ ਨੂੰ ਘਰਾਂ ਤੇ ਦਫਤਰਾਂ ਦੇ ਨਾਲ-ਨਾਲ ਬੈਂਕਾਂ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਕਰੰਸੀ ਨੋਟਾਂ ਨੂੰ ਵੀ ਇਸ ਵਿਚ ਰੱਖ ਕੇ ਵਾਇਰਸ ਤੋਂ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਹੈ। ਇਸ ਵਿਚ ਟਾਈਮ ਸੈੱਟ ਕਰਨ ਤੋਂ ਬਾਅਦ ਇਹ ਆਟੋਮੈਟਿਕ ਬੰਦ ਹੋ ਜਾਵੇਗਾ। ਇਸੇ ਤਰ੍ਹਾਂ ਇਸ ਵਿਚ ਪੈਕਡ ਫੂਡ, ਬੋਤਲਾਂ ਨੂੰ 300 ਸੈਕੰਡਾਂ ਤੱਕ ਟਾਈਮਰ ਸੈੱਟ ਕਰਕੇ ਸੈਨੇਟਾਈਜ਼ ਕੀਤਾ ਜਾ ਸਕਦਾ ਹੈ।
ਇਹ ਪੋਰਟੇਬਲ ਸੈਨੀਟਾਈਜ਼ਰ ਇਕ ਡੱਬੇ ਦੇ ਆਕਾਰ ਦਾ ਹੈ, ਜਿਸ ਦੇ ਉਪਰ ਤੇ ਹੇਠਾਂ ਵੱਲ ਅਲਟ੍ਰਾ-ਵਾਇਲਟ ਲਾਈਟਾਂ ਲੱਗੀਆਂ ਹੋਈਆਂ ਹਨ, ਜੋਕਿ ਕਿਸੇ ਵੀ ਚੀਜ਼ ’ਤੇ ਜਮ੍ਹਾ ਹੋਏ ਵਾਇਰਸ, ਬੈਕਟੀਰੀਆ ਵਰਗੇ ਰੋਗਾਣੂਆਂ ਨੂੰ ਜੜ੍ਹੋਂ ਖਤਮ ਕਰ ਦਿੰਦਾ ਹੈ। ਡਾ. ਅਵਸਥੀ ਨੇ ਦੱਸਿਆ ਕਿ NIT ਇਸ ਦੇ ਕਾਰੋਬਾਰੀ ਉਤਪਾਦਨ ਲਈ ਇਕ ਨਿੱਜੀ ਕੰਪਨੀ ਨਾਲ ਗਠਜੋੜ ਕਰ ਰਹੀ ਹੈ।