Punjab Govt cancel pending : ਕੋਵਿਡ-19 ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਵੱਖ-ਵੱਖ ਕਲਾਸਾਂ ਦੀਆਂ ਪੈਂਡਿੰਗ ਪਈਆਂ ਪ੍ਰੀਖਿਆਵਾਂ ਜੋ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬਾਰ੍ਹਵੀਂ ਜਮਾਤ ਦੀਆਂ ਸਾਰੀਆਂ ਪੈਂਡਿੰਗ ਪ੍ਰੀਖਿਆਵਾਂ, ਓਪਨ ਸਕੂਲ, ਰੀਅਪੇਅ ਅਤੇ ਗੋਲਡਨ ਚਾਂਸ ਵਿਦਿਆਰਥੀਆਂ ਸਮੇਤ ਕਈ ਹੋਰ ਸ਼੍ਰੇਣੀਆਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਤੀਜੇ ਦਾ ਐਲਾਨ ਕਰਨਾ ਵੀ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਆਪਣੇ ਲੋੜੀਂਦੇ ਕੋਰਸਾਂ ਦੀ ਸਮੇਂ ਸਿਰ ਚੋਣ ਕਰ ਸਕਣ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਚੁਣੌਤੀਆਂ ਕਾਰਨ ਸਿੱਖਿਆ ਵਿਭਾਗ ਲਈ ਨੇੜ ਭਵਿੱਖ ਵਿੱਚ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਨੁਸਾਰ ਹੁਣ ਨਤੀਜਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਸ਼ਿਆਂ ਦੇ ਅਧਾਰ ‘ਤੇ ਐਲਾਨਿਆ ਜਾਵੇਗਾ ਕਿਉਂਕਿ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਕੁਝ ਵਿਸ਼ਿਆਂ ਦੀ ਪ੍ਰੀਖਿਆ ਪਹਿਲਾਂ ਹੀ ਪੀਐਸਈਬੀ ਦੁਆਰਾ ਲਈ ਜਾ ਚੁੱਕੀ ਹੈ। ਸਿੱਖਿਆ ਮੰਤਰੀ ਨੇ ਇਸ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੇ ਸਿਰਫ 3 ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਹੈ ਤਾਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੋ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਔਸਤਨ ਉਨ੍ਹਾਂ ਵਿਸ਼ਿਆਂ ਵਿੱਚ ਦਿੱਤੀ ਜਾਵੇਗੀ ਜਿਨ੍ਹਾਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ। ਪ੍ਰੈਕਟੀਕਲ ਵਿਸ਼ਿਆਂ ਦੇ ਅੰਕ ਅਤੇ ਨੌਕਰੀ ਦੀ ਟ੍ਰੇਨਿੰਗ ‘ਤੇ ਵੋਕੇਸ਼ਨਲ ਵਿਸ਼ਿਆਂ ਲਈ ਵੀ ਇਸੇ ਆਧਾਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਓਪਨ ਸਕੂਲ ਵਿਦਿਆਰਥੀਆਂ ਦੇ ਮਾਮਲੇ ਵਿੱਚ, ਬੋਰਡ ਕ੍ਰੈਡਿਟ ਕੈਰੀ ਫਾਰਮੂਲੇ ਦੇ ਅਧਾਰ ’ਤੇ ਨਤੀਜੇ ਐਲਾਨੇਗਾ ਅਤੇ ਉਹਨਾਂ ਦੁਆਰਾ ਪਿਛਲੇ ਸੈਸ਼ਨਾਂ ਵਿਚ ਪਾਸ ਕੀਤੇ ਗਏ ਵਿਸ਼ਿਆਂ (ਕ੍ਰੈਡਿਟ ਕੈਰੀ ਫਾਰਮੂਲਾ) ਵਿੱਚ ਪ੍ਰਾਪਤ ਅੰਕ ਦੇ ਅਧਾਰ ’ਤੇ ਔਸਤਨ ਅੰਕ ਦਿੱਤੇ ਜਾਣਗੇ। ਪੀਐਸਈਬੀ ਦੀ ਗੋਲਡਨ / ਫਾਈਨਲ ਚਾਂਸ ਸ਼੍ਰੇਣੀ ਅਧੀਨ ਆਉਣ ਵਾਲੇ ਵਿਦਿਆਰਥੀਆਂ ਨੂੰ ਰੀਅਪੇਅਰ ਹੋਣ ਜਾਂ ਕੰਪਾਰਟਮੈਂਟ ਲਈ ਔਸਤਨ ਅੰਕ ਵੀ ਦਿੱਤੇ ਜਾਣਗੇ। ਡਿਵੀਜ਼ਨ ਵਿਚ ਸੁਧਾਰ ਜਾਂ ਰੀਅਪੇਅਰ ਹੋਣ ਅਤੇ ਸਿਰਫ ਇਕ ਹੀ ਪੇਪਰ ਲਈ ਫੀਸ ਜਮ੍ਹਾਂ ਕਰਵਾਉਣ ਲਈ ਪੈਂਡਿੰਗ ਮੌਕਿਆਂ ਵਾਲੇ ਵਿਦਿਆਰਥੀਆਂ ਲਈ ਭਵਿੱਖ ਵਿਚ ਵਾਧੂ ਫੀਸ ਦਿੱਤੇ ਬਿਨਾਂ ਪ੍ਰੀਖਿਆ ਦੇਣ ਦਾ ਵਾਧੂ ਮੌਕਾ ਦਿੱਤਾ ਜਾਵੇਗਾ ਅਤੇ ਹਾਲਾਤ ਆਮ ਹੋਣ ਤੋਂ ਬਾਅਦ ਵੱਖਰੀ ਡੇਟਸ਼ੀਟ ਜਾਰੀ ਕੀਤੀ ਜਾਏਗੀ।