Case of Cutting off ASI Hand : ਪਟਿਆਲਾ ਵਿਚ 12 ਅਪ੍ਰੈਲ ਨੂੰ ਕਰਫਿਊ ਦੌਰਾਨ ਸਬਜ਼ੀ ਮੰਡੀ ਵਿਚ ਡਿਊਟੀ ’ਤੇ ਤਾਇਨਾਤ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਬੀਤੇ ਦਿਨ 87 ਦਿਨਾਂ ਬਾਅਦ ਪਟਿਆਲਾ ਦੀ ਅਦਾਲਤ ਵਿਚ ਪੰਜ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਜਿਨ੍ਹਾਂ ਵਿਚ ਡੇਰਾ ਮੁਖੀ ਬਲਵਿੰਦਰ ਸਿੰਘ ਉਸ ਦਾ ਪੁੱਤਰ ਜਗਮੀਤ ਸਿੰਘ, ਬੰਤ ਸਿੰਘ, ਨਿਰਭੈ ਸਿੰਘ ਤੇ ਗੁਰਮੀਤ ਸਿੰਘ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਹ ਘਟਨਾ ਨੂੰ ਬੀਤੇ ਹੋਏ 87 ਦਿਨ ਹੋ ਚੁੱਕੇ ਸਨ ਤਾਂ ਪੁਲਿਸ ਵੱਲੋਂ ਇਹ ਚਾਰਜਸ਼ੀਟ ਅਦਾਲਤ ਵਿਚ ਦਾਇਰ ਕੀਤੀ ਗਈ, ਜਦਕਿ ਉਸ ਸਮੇਂ ਡੀਜੀਪੀ ਪੰਜਾਬ ਨੇ ਦਾਅਵਾ ਕੀਤਾ ਸੀ ਕਿ 10 ਦਿਨਾਂ ਦੇ ਅੰਦਰ ਹੀ ਇਸ ਨੂੰ ਫਾਈਲ ਕਰ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਥਾਣਾ ਪਸਿਆਣਾ ਵਿਚ ਵੀ ਇਕ ਮਾਮਲਾ ਦਰਜ ਕੀਤਾ ਗਿਆ ਸੀ। ਅਜੇ ਇਸ ਕੇਸ ਵਿਚ ਚਾਰਜਸ਼ੀਟ ਦਾਇਰ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ ਦੱਸਿਆ ਗਿਆ ਹੈ ਕਿ 12 ਅਪ੍ਰੈਲ ਨੂੰ ਜਦੋਂ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਸੀ ਤਾਂ ਨਿਹੰਗ ਸਿੰਘ ਸੰਨੌਰ ਦੀ ਸਬਜ਼ੀ ਮੰਡੀ ਪਹੁੰਚੇ, ਜਿਥੇ ਮੰਡੀ ਬੋਰਡ ਦੇ ਮੁਲਾਜ਼ਮ ਨੇ ਉਨ੍ਹਾਂ ਤੋਂ ਕਰਫਿਊ ਪਾਸ ਦੀ ਮੰਗ ਕੀਤੀ ਤਾਂ ਉਹ ਉਸ ਨੂੰ ਗਾਲ੍ਹਾਂ ਕੱਢਣ ਲੱਗ ਗਏ ਅਤੇ ਜ਼ਬਰਦਸਤੀ ਮੰਡੀ ਵਿਚ ਦਾਖਲ ਹੋਗਏ। ਮੰਡੀ ਤੋਂ ਬਾਹਰ ਆਉਣ ਮਗਰੋਂ ਜਦੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ, ਕਿਰਪਾਨਾਂ ਨਾਲ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇਕ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢਿਾ ਗਿਆ। ਇਸ ਘਟਨਾ ਵਿਚ ਕੁਝ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ।