The woman wrote a letter : ਬਠਿੰਡਾ ਵਿਚ ਇਕ ਔਰਤ ਨੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਦੁਖੀ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਤੇ ਉਨ੍ਹਾਂ ਤੋਂ ਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ। ਰਾਮਪੁਰਾ ਦੀ ਰਹਿਣ ਵਾਲੀ ਸੱਤਿਆ ਦੇਵੀ ਨੇ ਇਸ ਬਾਰੇ ਦੱਸਿਆ ਕਿ ਰਾਮਪੁਰਾ ਵਿਚ ਉਸ ਦਾ ਪੁਰਾਣਾ ਪੁਸ਼ਤੈਣੀ ਘਰ ਹੈ, ਜਿਸ ਦੇ ਗੁਆਂਢ ਵਿਚ ਸੁਭਾਸ਼ ਚੰਦਰ ਦੀ 46 ਗਜ਼ ਜਗ੍ਹਾ ਵੀ ਲਗਦੀ ਹੈ। ਜਦੋਂ ਉਹ ਵਿਦੇਸ਼ ਵਿਚ ਆਪਣੇ ਮੁੰਡਿਆਂ ਕੋਲ ਗਈ ਸੀ ਤਾਂ ਸੁਭਾਸ਼ ਚੰਦਰ ਨੇ ਆਪਣੀ ਮਲਕੀਅਤ ਵਾਲੀ 46 ਗਜ਼ ਜਗ੍ਹਾ ਸਣੇ ਉਨ੍ਹਾਂ ਦੇ ਘਰ ਦੀ ਪੰਜਾਹ ਗਜ਼ ਜਗ੍ਹਾ ਵੀ ਫਰਜ਼ੀ ਤਰੀਕੇ ਨਾਲ ਚਾਉਕੇ ਜਵੈਲਰ ਮਨਜੀਤ ਸਿੰਘ ਨੂੰ ਵੇਚ ਦਿੱਤੀ। ਸੁਭਾਸ਼ ਨੇ ਮਨਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਦੇ ਨਾਂ ’ਤੇ ਦੋ ਫਰਜ਼ੀ ਰਜਿਸਟਰੀਆਂ ਵੀ ਕਰਵਾਈਆਂ।
ਇਸ ਦਾ ਪਤਾ ਲੱਗਣ ’ਤੇ ਉਹ ਆਪਣੇ ਪੁੱਤਰ ਨਾਲ ਭਾਰਤ ਆਪਣੇ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਮਨਜੀਤ ਸਿੰਘ ਉਨ੍ਹਾਂ ਦੇ ਘਰ ਦੇ ਹਿੱਸੇ ਵਾਲੀ ਜਗ੍ਹਾ ’ਤੇ ਮਜ਼ਦੂਰ ਲਗਾ ਕੇ ਕਬਜ਼ਾ ਕਰ ਰਿਹਾ ਹੈ। ਔਰਤ ਨੇ ਦੱਸਿਆ ਕਿ ਉਸ ਨੇ ਉਸੇ ਸਮੇਂ ਥਾਣਾ ਰਾਮਪੁਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਔਰਤ ਨੇ ਕਿਹਾ ਕਿ ਐਸਐਸਪੀ ਨਾਨਕ ਸਿੰਘ ਨੇ ਉਸ ਦੀ ਸੁਣਵਾਈ ਕਰਨ ਦੀ ਬਜਾਏ ਉਸ ਨੂੰ ਅਤੇ ਉਸ ਦੇ ਲੜਕੇ ਸਾਹਮਣੇ ਜ਼ਲੀਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਡੀਸੀ ਬੀ ਸ਼੍ਰੀਨਿਵਾਸਨ ਨੂੰ ਇਸ ਬਾਰੇ ਸ਼ਿਕਾਇਤ ਕਰਕੇ ਉਨ੍ਹਾਂ ਤੋਂ ਇਨਸਾਫ ਦੀ ਮੰਗ ਕੀਤੀ ਪਰ ਕਿਸੇ ਵੀ ਅਧਿਕਾਰੀ ਤੋਂ ਉਸ ਨੂੰ ਇਨਸਾਫ ਨਹੀਂ ਮਿਲਿਆ।
ਇਸ ’ਤੇ ਦੁਖੀ ਹੋ ਕੇ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੇਕਰ ਉਹ ਉਸ ਨੂੰ ਇਨਸਾਫ ਨਹੀਂ ਦੁਆ ਸਕਦੇ ਤਾਂ ਉਸ ਨੂੰ ਇੱਛਾ ਮੌਤ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਬਾਰੇ ਐਸਐਸਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਰਿਪੋਰਟ ਰਾਮਪੁਰਾ ਦੇ ਡੀਐਸੀ ਜਸਵੀਰ ਸਿੰਘ ਤੋਂ ਮੰਗੀ ਹੈ, ਜਦਕਿ ਫੂਲ ਦੇ ਡੀਐਸਪੀ ਜਸਵੀਰ ਸਿੰਘ ਨੇ ਔਰਤ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।