Shaheed Palwinder Singh grandmother : ਲੁਧਿਆਣਾ : ਹਲਕਾ ਸਮਰਾਲਾ ਦੇ ਸਰਹੱਦ ’ਤੇ ਸ਼ਹੀਦ ਹੋਏ ਫੌਜੀ ਪਲਵਿੰਦਰ ਸਿੰਘ ਦੀ ਦਾਦੀ ਨੇ ਪੋਤਰੇ ਦੇ ਸਿਰ ’ਤੇ ਸਿਹਰਾ ਸਜਾਉਣ ਦੀਆਂ ਅਧੂਰੀਆਂ ਸਧਰਾਂ ਮਨ ਵਿਚ ਲੈ ਕੇ ਸਦਮੇ ਵਿਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਪਲਵਿੰਦਰ ਦਾ ਵਿਆਹ 2 ਮਹੀਨੇ ਬਾਅਦ ਹੋਣਾ ਤੈਅ ਹੋਇਆ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਦਾਦੀ 71 ਸਾਲਾ ਲਾਜਵਿੰਦਰ ਕੌਰ ਉਰਫ ਲਾਜੋ ਆਪਣੇ ਪੋਤੇ ਦੇ ਵਿਆਹ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਸੀ, ਉਥੇ ਹੀ ਅਚਾਨਕ ਹੀ ਉਸ ਦੇ ਸ਼ਹੀਦ ਹੋਣ ’ਤੇ ਉਸ ਦੀ ਦਾਦੀ ਨੂੰ ਡੂੰਘਾ ਸਦਮਾ ਲੱਗਾ। ਵੀਰਵਾਰ ਦੁਪਹਿਰ ਨੂੰ ਸ਼ਹੀਦ ਪਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਉਸ ਦੀ ਦਾਦੀ ਦੀ ਵੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਹ ਸਵੇਰੇ ਉਨ੍ਹਾਂ ਨੂੰ ਜਗਾਉਣ ਪਹੁੰਚੇ। ਇਸ ਬਾਰੇ ਸ਼ਹੀਦ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2010 ਵਿਚ ਪੌਜ ਵਿਚ ਭਰਤੀ ਹੋਇਆ ਸੀ। ਉਸ ਦੀ ਦਾਦੀ ਬੜੇ ਮਾਣ ਤੇ ਖੁਸ਼ੀ ਨਾਲ ਸਾਰਿਆੰ ਨੂੰ ਦੱਸਦੀ ਸੀ ਕਿ ਉਹ ਹੁਣ ਛੇਤੀ ਹੀ ਆਪਣੇ ਪੋਤਰੇ ਦੇ ਸਿਰ ’ਤੇ ਸਿਹਰਾ ਸਜਾ ਕੇ ਸੋਹਣੀ ਨੂੰਹ ਆਪਣੇ ਘਰ ਲਿਆਏਗੀ। ਪਰਿਵਾਰ ਨੇ ਦੱਸਿਆ ਕਿ ਉਸ ਦੇ ਸ਼ਹੀਦ ਹੋਣ ’ਤੇ ਉਸ ਦੀ ਦਾਦੀ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ। ਪਰਿਵਾਰ ਨੇ ਦੱਸਿਆ ਕਿ ਪਲਵਿੰਦਰ ਨੇ ਛੁੱਟੀ ਵਿਚ ਆ ਕੇ ਮਾਂ ਦਾ ਆਪ੍ਰੇਸ਼ਨ ਵੀ ਕਰਵਾਉਣਾ ਸੀ। ਦੱਸਣਯੋਗ ਕਿ ਬੀਤੀ 22 ਜੂਨ ਨੂੰ ਡਿਊਟੀ ਦੌਰਾਨ ਨਦੀ ਵਿਚ ਜੀਪ ਡਿੱਗ ਜਾਣ ਕਾਰਨ ਪਲਵਿੰਦਰ ਸਿੰਘ ਸ਼ਹੀਦ ਹੋ ਗਏ ਸਨ।